ਭਵਾਨੀਗੜ੍ਹ, 31 ਅਗਸਤ (ਰਾਜ ਖੁਰਮੀ)-
ਭਵਾਨੀਗੜ੍ਹ-ਸੰਗਰੂਰ ਰੋਡ 'ਤੇ ਪਿੰਡ ਹਰਕਿਸ਼ਨਪੁਰਾ ਵਿਖੇ ਸਥਿਤ ਇੰਡੀਅਨ ਐਕਰੀਲਿਕ ਲਿਮਟਿਡ (ਆਈ.ਏ.ਐੱਲ.) ਦੀ ਸਟਾਫ਼ ਕਲੋਨੀ 'ਚ ਫੈਕਟਰੀ ਦੇ ਜਰਨਲ ਮੈਨੇਜਰ ਦੇ ਫਲੈਟ 'ਚੋੰ ਅਣਪਛਾਤੇ ਚੋਰਾਂ ਨੇ ਸੋਨੇ-ਚਾਂਦੀ ਦੇ ਲੱਖਾਂ ਰੁਪਏ ਦੇ ਗਹਿਣਿਆਂ ਅਤੇ 55 ਹਜ਼ਾਰ ਰੁਪਏ ਦੀ ਨਕਦੀ 'ਤੇ ਹੱਥ ਸਾਫ਼ ਕਰ ਦਿੱਤਾ। ਘਟਨਾ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ ਗਈ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ 'ਚ ਜੁਟੀ ਹੈ। ਘਟਨਾ ਸਬੰਧੀ ਫੈਕਟਰੀ ਦੀ ਸਟਾਫ਼ ਕਲੋਨੀ ਵਿੱਚ ਰਹਿਣ ਵਾਲੇ ਰੁਪਿੰਦਰ ਸ਼ਰਮਾ ਨੇ ਦੱਸਿਆ ਕਿ ਉਹ ਫੈਕਟਰੀ ਵਿੱਚ ਜਨਰਲ ਮੈਨੇਜਰ ਪ੍ਰੋਡਕਸ਼ਨ ਵਜੋਂ ਕੰਮ ਕਰਦਾ ਹੈ। ਬੀਤੀ 17 ਅਗਸਤ ਨੂੰ ਉਹ ਆਪਣੇ ਫਲੈਟ ਨੂੰ ਤਾਲਾ ਲਗਾ ਕੇ ਛੁੱਟੀ 'ਤੇ ਚਲਾ ਗਿਆ ਸੀ ਅਤੇ ਜਦੋਂ ਉਹ 24 ਅਗਸਤ ਨੂੰ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ਫਲੈਟ ਦਾ ਤਾਲਾ ਟੁੱਟਿਆ ਹੋਇਆ ਸੀ। ਇਸ ਉਪਰੰਤ ਜਦੋਂ ਉਸਨੇ ਫਲੈਟ ਦੇ ਅੰਦਰ ਜਾ ਕੇ ਦੇਖਿਆ ਤਾਂ 6 ਤੋਲੇ ਸੋਨਾ, ਇੱਕ ਲਾਕੇਟ, ਮੰਗਲਸੂਤਰ, 6 ਮੁੰਦਰੀਆਂ, 40 ਦੇ ਕਰੀਬ ਚਾਂਦੀ ਦੇ ਸਿੱਕੇ, 5 ਜੋੜੇ ਚਾਂਦੀ ਦੀਆਂ ਪੰਜੇਬਾਂ ਅਤੇ 55 ਹਜ਼ਾਰ ਰੁਪਏ ਗਾਇਬ ਸਨ। ਰੁਪਿੰਦਰ ਸ਼ਰਮਾ ਨੇ ਕਿਹਾ ਕਿ ਅਣਪਛਾਤੇ ਚੋਰਾਂ ਵੱਲੋਂ ਇਹ ਸਭ ਚੋਰੀ ਕਰ ਲਿਆ ਗਿਆ। ਸ਼ਿਕਾਇਤਕਰਤਾ ਮੁਤਾਬਕ ਚੋਰੀ ਹੋਏ ਗਹਿਣਿਆਂ ਦੀ ਕੀਮਤ 7-8 ਲੱਖ ਰੁਪਏ ਦੇ ਕਰੀਬ ਬਣਦੀ ਹੈ। ਉਨ੍ਹਾਂ ਚੋਰੀ ਹੋਣ ਸਬੰਧੀ ਪੁਲਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।