ਸ੍ਰੀ ਫ਼ਤਹਿਗੜ੍ਹ ਸਾਹਿਬ /2 ਸਤੰਬਰ :
(ਰਵਿੰਦਰ ਸਿੰਘ ਢੀਂਡਸਾ)
ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਨੇ ਜ਼ਿਲਾ ਹਸਪਤਾਲ ਦੇ ਪੀਪੀ ਯੂਨਿਟ ਦੀ ਅਚਨਚੇਤ ਚੈਕਿੰਗ ਕੀਤੀ । ਇਸ ਚੈਕਿੰਗ ਦੌਰਾਨ ਉਨਾਂ ਲੇਬਰ ਰੂਮ, ਜਚਾ-ਬੱਚਾ ਵਾਰਡ ਤੇ ਵਾਸ਼ਰੂਮਾਂ ਦੀ ਚੈਕਿੰਗ ਕੀਤੀ । ਇਸ ਮੌਕੇ ਤੇ ਉਹਨਾਂ ਜਚਾ ਬੱਚਾ ਵਾਰਡ ਵਿੱਚ ਦਾਖਲ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਉਨਾਂ ਨੂੰ ਮਿਲ ਰਹੀਆਂ ਸੇਵਾਵਾਂ ਦਾ ਜਾਇਜ਼ਾ ਲਿਆ । ਮਰੀਜ਼ਾਂ ਦੇ ਵਾਰਸਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਪੁੱਛਿਆ ਕਿ ਉਹਨਾਂ ਨੂੰ ਉਹਨਾਂ ਦੇ ਮਰੀਜ਼ ਲਈ ਸਿਹਤ ਸੇਵਾਵਾਂ ਲੈਣ ਵਿੱਚ ਕੋਈ ਦਿੱਕਤ ਆਈ ਹੋਵੇ ਤਾਂ ਉਹ ਉਹਨਾਂ ਦੇ ਧਿਆਨ ਵਿੱਚ ਲਿਆਉਣ , ਤਾਂ ਕਿ ਉਸ ਵਿੱਚ ਸੁਧਾਰ ਕੀਤਾ ਜਾ ਸਕੇ। ਉਹਨਾਂ ਮੌਕੇ ਤੇ ਤਾਇਨਾਤ ਸਟਾਫ ਨੂੰ ਵਾਰਡ ਅਤੇ ਵਾਸ਼ਰੂਮਾਂ ਦੀ ਸਾਫ ਸਫਾਈ ਰੱਖਣ ਦੀ ਹਦਾਇਤ ਕੀਤੀ। ਉਹਨਾਂ ਸਰਕਾਰ ਵੱਲੋਂ ਚਲਾਈ ਜਾ ਰਹੀ ਜਨਨੀ ਸ਼ਿਸ਼ੂ ਸੁਰੱਖਿਆ ਕਾਰਿਆਕਰਮ ਤਹਿਤ ਹਸਪਤਾਲ ਵੱਲੋ ਮਰੀਜ਼ਾਂ ਨੂੰ ਦਿੱਤੀ ਜਾ ਰਹੀ ਖੁਰਾਕ ਸਬੰਧੀ ਵੀ ਪੁੱਛ ਪੜਤਾਲ ਕੀਤੀ। ਉਨਾਂ ਹਸਪਤਾਲ ਵਿੱਚ ਨਵ ਜਨਮੇ ਬੱਚਿਆਂ ਨੂੰ ਜਨਮ ਸਮੇਂ ਲੱਗਣ ਵਾਲੀ ਵੈਕਸੀਨ ਸਬੰਧੀ ਜਾਣਕਾਰੀ ਹਾਸਿਲ ਕੀਤੀ ਕਿ ਕੀ ਬੱਚਿਆਂ ਨੂੰ ਜਨਮ ਸਮੇਂ ਤੁਰੰਤ ਲੱਗਣ ਵਾਲੀ ਵੈਕਸੀਨ ਲਗਾ ਕੇ ਵੈਕਸੀਨੇਟ ਕੀਤਾ ਗਿਆ ਹੈ। ਇਸ ਮੌਕੇ ਤੇ ਉਹਨਾਂ ਜਣੇਪਾ ਕਰਾਉਣ ਆਈਆਂ ਔਰਤਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਉਹ ਆਪਣੇ ਹੋਣ ਵਾਲੇ ਬੱਚੇ ਨੂੰ ਕਿਸੇ ਕਿਸਮ ਦੀ ਗੁੜਤੀ ਨਾ ਦੇਣ ਸਗੋਂ ਬੱਚੇ ਨੂੰ ਆਪਣਾ ਦੁੱਧ ਜਣੇਪੇ ਤੋਂ ਤੁਰੰਤ ਬਾਅਦ ਪਿਲਾਉਣਾ ਸ਼ੁਰੂ ਕਰ ਦੇਣ ਅਤੇ ਛੇ ਮਹੀਨੇ ਤੱਕ ਬੱਚੇ ਨੂੰ ਸਿਰਫ ਮਾਂ ਦਾ ਦੁੱਧ ਪਿਲਾਉਣਾ ਯਕੀਨੀ ਬਣਾਉਣ ਅਤੇ ਆਪਣੀ ਸਿਹਤ ਤੇ ਖੁਰਾਕ ਵੱਲ ਵਿਸ਼ੇਸ਼ ਧਿਆਨ ਦੇਣ ਤਾਂ ਕਿ ਜਚਾ ਤੇ ਬੱਚਾ ਦੋਨੋਂ ਤੰਦਰੁਸਤ ਰਹਿ ਸਕਣ।