ਸ੍ਰੀ ਫ਼ਤਹਿਗੜ੍ਹ ਸਾਹਿਬ/3 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਵੱਲੋਂ ਤਿੰਨ ਦਿਨਾ ਟੈਕਨੋਬਲੇਜ਼ 24 ਸਮਾਰੋਹ ਕਰਵਾਇਆ ਗਿਆ। ਕਾਲਜ ਦੇ ਬੁਲਾਰੇ ਨੇ ਦੱਸਿਆ ਕਿ ਇਸ ਇਵੈਂਟ ਦਾ ਮੁੱਖ ਮਕਸਦ ਵਿਦਿਆਰਥੀਆਂ ਦੇ ਗਿਆਨ ਨੂੰ ਤਾਜ਼ਾ ਕਰਨਾ ਅਤੇ ਸਰਵੇਅ, ਡਿਜ਼ਾਇਨਿੰਗ ਅਤੇ ਸਿਵਲ ਇੰਜੀਨੀਅਰਿੰਗ ਦੇ ਬੁਨਿਆਦੀ ਸਿਧਾਂਤਾਂ ਬਾਰੇ ਜਾਗਰੂਕਤਾ ਫੈਲਾਉਣਾ ਸੀ।
ਇਸ ਸਮਾਰੋਹ ਦੀ ਸ਼ੁਰੂਆਤ ਸਾਈਟ ਸਰਵੇਅ ਮੁਕਾਬਲੇ ਨਾਲ ਹੋਈ ਜਿਸ ਵਿੱਚ ਡੰਪੀ ਲੈਵਲ ਦੀ ਵਰਤੋਂ ਕੀਤੀ ਗਈ। ਇਸ ਤੋਂ ਬਾਅਦ ਆਟੋਕੈਡ ਮੁਕਾਬਲਾ ਅਤੇ ਸਿਵਲ ਇੰਜੀਨੀਅਰਿੰਗ ਦੇ ਬੁਨਿਆਦੀ ਸਿਧਾਂਤਾਂ 'ਤੇ ਇੱਕ ਕੁਈਜ਼ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਕੀਤੇ ਗਏ ਸੰਬੋਧਨ ਦੌਰਾਨ ਕਾਲਜ ਦੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਨੇ ਸਬੰਧਤ ਵਿਸ਼ੇ 'ਤੇ ਆਪਣਾ ਅਨੁਭਵ ਸਾਂਝਾ ਕਰਦੇ ਹੋਏ ਵਿਦਿਆਰਥੀਆਂ ਨੂੰ ਕਈ ਬਰੀਕੀਆਂ ਤੋਂ ਜਾਣੂ ਕਰਵਾਇਆ। ਸਿਵਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਪ੍ਰੋ. ਗੁਲਜੀਤ ਸਿੰਘ ਨੇ ਸਰਵੇਅ ਤਕਨੀਕਾਂ ਅਤੇ ਆਟੋਕੈਡਡਿਜ਼ਾਇਨਿੰਗ ਬਾਰੇ ਵਿਚਾਰ ਪ੍ਰਗਟਾਏ ਅਤੇ ਇੰਜੀਨੀਅਰਿੰਗ ਵਿੱਚ ਉਨ੍ਹਾਂ ਦੇ ਮਹੱਤਵ ਨੂੰ ਉਜਾਗਰ ਕੀਤਾ।ਇਸ ਸਮਾਰੋਹ ਵਿੱਚ ਵੱਖ-ਵੱਖ ਮੁਕਾਬਲਿਆਂ ਵਿੱਚ ਤਿੰਨ ਸਿਖਰਲੀਆਂ ਟੀਮਾਂ ਨੂੰ ਮੈਡਲ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਨੂੰ ਵਿਭਾਗ ਮੁਖੀ ਅਤੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਅਧਿਆਪਕਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਪ੍ਰੋ. ਗੁਰਜੋਤ ਕੌਰ ਨੇ ਇਸ ਇਵੈਂਟ ਦਾ ਸਾਰਾਂਸ਼ ਪੇਸ਼ ਕੀਤਾ ਅਤੇ ਵਿਦਿਆਰਥੀ ਕੋਆਰਡੀਨੇਟਰ ਹਰਕੀਰਤ ਸਿੰਘ ਨੇ ਸਮੂਹ ਹਿੱਸੇਦਾਰਾਂ ਦਾ ਧੰਨਵਾਦ ਕੀਤਾ।