(ਰਵਿੰਦਰ ਸਿੰਘ ਢੀਂਡਸਾ)
ਹਜ਼ਰਤ ਸ਼ੇਖ ਅਹਿਮਦ ਮੁਜ਼ੱਦਦ ਅਲਫਸਾਨੀ ਦੀ ਯਾਦ 'ਚ ਹਰ ਵਰ੍ਹੇ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਰੋਜ਼ਾ ਸ਼ਰੀਫ਼ ਸਰਹਿੰਦ ਵਿਖੇ ਸਜਦਾ ਕਰਨ ਲਈ ਆਉਂਦੇ ਹਨ। ਜਿਸ ਦੇ ਚਲਦਿਆਂ ਇਸ ਵਾਰ ਵੀ 412 ਵੇਂ ਸਾਲਾਨਾ ਉਰਸ ਵਿੱਚ ਸ਼ਾਮਲ ਹੋਣ ਲਈ ਦੇਸ਼ ਅਤੇ ਦੁਨੀਆਂ ਦੇ ਵੱਖ-ਵੱਖ ਕੋਨਿਆਂ ਤੋਂ ਸ਼ਰਧਾਲੂ ਇੱਥੇ ਪਹੁੰਚੇ ਹੋਏ ਹਨ।ਇਸੇ ਤਹਿਤ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਨੇ ਵੀ ਵਿਸ਼ੇਸ਼ ਤੌਰ 'ਤੇ ਇਸ ਉਰਸ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਰੋਜ਼ਾ ਸ਼ਰੀਫ ਦੇ ਖਲੀਫ਼ਾ ਸਈਅਦ ਸਾਦਿਕ ਰਜ਼ਾ ਦੀ ਅਗਵਾਈ ਹੇਠ ਜੀਸ਼ਾਨ ਸ਼ੇਖ ਵੱਲੋਂ ਗਿਆਨੀ ਜਸਵਿੰਦਰ ਸਿੰਘ ਦਾ ਵਿਸ਼ੇਸ਼ ਤੌਰ `ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਜੀਸ਼ਾਨ ਸ਼ੇਖ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸਲਾਮ ਧਰਮ ਵਿੱਚ ਬੱਚਿਆਂ ਲਈ ਕੋਈ ਵੀ ਸਜ਼ਾ ਮੁਕੱਰਰ ਨਹੀਂ ਹੈ, ਪਰ ਉਸ ਸਮੇਂ ਦੇ ਹਾਕਮਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾ ਕੇ ਇਸਲਾਮ ਧਰਮ ਦੀ ਖਿਲਾਫ਼ਤ ਕੀਤੀ ਹੈ, ਜਿਸ ਤੋਂ ਸਿੱਧ ਹੁੰਦਾ ਕਿ ਉਸ ਸਮੇਂ ਦੇ ਹਾਕਮ ਜਾਂ ਸੂਬਾ ਸਰਹਿੰਦ ਸੱਚੇ ਮੁਸਲਮਾਨ ਨਹੀਂ ਸਨ। ਉਹਨਾਂ ਕਿਹਾ ਕਿ ਕਿਸੇ ਇੱਕ ਹਾਕਮ ਜਾਂ ਵਜ਼ੀਰ ਵੱਲੋਂ ਕੀਤੇ ਅਜਿਹੇ ਕੰਮ ਲਈ ਸਮੁੱਚੀ ਕੌਮ ਨੂੰ ਗਲਤ ਠਹਿਰਾਉਣਾ ਵੀ ਸਹੀ ਨਹੀਂ ਹੈ। ਉਹਨਾਂ ਇਸ ਗੱਲ ਉੱਤੇ ਤਸੱਲੀ ਤੇ ਖੁਸ਼ੀ ਪ੍ਰਗਟ ਕੀਤੀ ਹੁਣ ਸਿੱਖਾਂ ਅਤੇ ਮੁਸਲਮਾਨਾਂ ਦਰਮਿਆਨ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡ. ਗਗਨਦੀਪ ਸਿੰਘ ਗੁਰਾਇਆ, ਸਮਾਜ ਸੇਵਕ ਗੁਰਵਿੰਦਰ ਸਿੰਘ ਸੋਹੀ, ਪੰਜਾਬੀ ਲੇਖਕ ਤੇ ਸਾਹਿਤਕਾਰ ਅਮਰਬੀਰ ਸਿੰਘ ਚੀਮਾ, ਧਰਮਜੀਤ ਸਿੰਘ, ਜੰਗ ਸਿੰਘ, ਇਨਾਮ ਉਲਾ ਖਾਨ, ਸਈਅਦ ਹਸੀਬ ਵੀ ਮੌਜ਼ੂਦ ਸਨ।