ਸ੍ਰੀ ਫ਼ਤਹਿਗੜ੍ਹ ਸਾਹਿਬ/ 3 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਡਰੱਗ ਇੰਸਪੈਕਟਰ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਪਿੰਡ ਸਾਧੂਗੜ੍ਹ ਵਿਖੇ ਦੋ ਮੈਡੀਕਲ ਸਟੋਰਾਂ 'ਚੋਂ 705 ਪ੍ਰੈਗਾਬੈਲਿਨ ਕੈਪਸੂਲ ਬਰਾਮਦ ਹੋਣ ਦੇ ਮਾਮਲੇ 'ਚ ਨਬੀਪੁਰ ਚੌਂਕੀ ਦੀ ਪੁਲਿਸ ਵੱਲੋਂ ਦੋ ਦਵਾਈ ਵਿਕਰੇਤਾਵਾਂ ਨੂੰ ਕਾਬੂ ਕਰਕੇ ਉਨਾਂ ਵਿਰੁੱਧ ਕੇਸ ਦਰਜ ਕੀਤੇ ਜਾਣ ਦਾ ਸਮਾਚਾਰ ਹੈ।ਨਬੀਪੁਰ ਪੁਲਿਸ ਚੌਂਕੀ ਦੇ ਇੰਚਾਰਜ ਥਾਣੇਦਾਰ ਮਨਦੀਪ ਸਿੰਘ ਨੇ ਦੱਸਿਆ ਕਿ ਪ੍ਰੈਗਾਬੈਲਿਨ ਕੈਪਸੂਲਾਂ ਦੀ ਵਰਤੋਂ ਕੁਝ ਲੋਕਾਂ ਵੱਲੋਂ ਨਸ਼ੇ ਲਈ ਕੀਤੇ ਜਾਣ ਦੀ ਰਿਪੋਰਟਾਂ ਸਾਹਮਣੇ ਆਉਣ 'ਤੇ ਕੁਝ ਦਿਨ ਪਹਿਲਾਂ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਨੇ ਹੁਕਮ ਜਾਰੀ ਕੀਤੇ ਸਨ ਕਿ ਜ਼ਿਲਾ ਫ਼ਤਹਿਗੜ੍ਹ ਸਾਹਿਬ 'ਚ ਪੈਂਦੇ ਮੈਡੀਕਲ ਸਟੋਰ/ਕੈਮਿਸਟ ਪ੍ਰੈਗਾਬੈਲਿਨ ਕੈਪਸੂਲ ਡਾਕਟਰ ਦੀ ਪਰਚੀ ਤੋਂ ਬਗੈਰ ਨਾ ਵੇਚਣ ਅਤੇ ਇਨਾਂ ਦੀ ਖਰੀਦ ਵੇਚ ਸਬੰਧੀ ਰਿਕਾਰਡ ਰਜਿਸਟਰ ਵੀ ਜ਼ਰੂਰ ਮੇਨਟੈਨ ਕੀਤਾ ਜਾਵੇ।ਬੀਤੇ ਕੱਲ੍ਹ ਡਰੱਗ ਇੰਸਪੈਕਟਰ ਫ਼ਤਹਿਗੜ੍ਹ ਸਾਹਿਬ ਸਤੀਸ਼ ਕੁਮਾਰ ਵੱਲੋਂ ਜਦੋਂ ਸਮੇਤ ਪੁਲਿਸ ਪਾਰਟੀ ਪਿੰਡ ਸਾਧੂਗੜ੍ਹ ਵਿਖੇ ਸਥਿਤ ਕਿਸਮਤ ਮੈਡੀਕਲ ਸਟੋਰ ਦੀ ਚੈਕਿੰਗ ਕੀਤੀ ਗਈ ਤਾਂ ਦੁਕਾਨ 'ਚੋਂ 502 ਪ੍ਰੈਗਾਬਲਿਨ ਕੈਪਸੂਲ ਬਰਾਮਦ ਹੋਏ ਜਿਨਾਂ ਸਬੰਧੀ ਦੁਕਾਨਦਾਰ ਕਿਸਮਤ ਸਿੰਘ ਕੋਈ ਰਿਕਾਰਡ ਨਹੀਂ ਦਿਖਾ ਸਕਿਆ ਜਿਸ 'ਤੇ ਡਰੱਗ ਇੰਸਪੈਕਟਰ ਵੱਲੋਂ ਪੁੰਲਦਾ ਬਣਾ ਕੇ ਕੈਪਸੂਲਾਂ ਨੂੰ ਕਬਜ਼ੇ 'ਚ ਲੈ ਲਿਆ ਗਿਆ।ਇਸੇ ਤਰ੍ਹਾਂ ਜਦੋਂ ਪਿੰਡ ਸਾਧੂਗੜ੍ਹ ਦੇ ਸਾਹਿਬ ਮੈਡੀਕਲ ਸਟੋਰ ਦੀ ਚੈਕਿੰਗ ਕੀਤੀ ਗਈ ਤਾਂ ਦੁਕਾਨ 'ਚੋਂ 203 ਪ੍ਰੈਗਾਬਲਿਨ ਕੈਪਸੂਲ ਬਰਾਮਦ ਹੋਏ ਜਿਨਾਂ ਸਬੰਧੀ ਦੁਕਾਨਦਾਰ ਗੁਰਪ੍ਰੀਤ ਸਿੰਘ ਕੋਈ ਰਿਕਾਰਡ ਨਹੀਂ ਪੇਸ਼ ਕਰ ਸਕਿਆ ਜਿਸ 'ਤੇ ਡਰੱਗ ਇੰਸਪੈਕਟਰ ਵੱਲੋਂ ਉਕਤ ਕੈਪਸੂਲਾਂ ਨੂੰ ਵੀ ਪੁਲੰਦਾ ਬਣਾ ਕੇ ਆਪਣੇ ਕਬਜ਼ੇ 'ਚ ਲੈ ਲਿਆ ਗਿਆ।ਉਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਥਾਣਾ ਸਰਹਿੰਦ ਵਿਖੇ ਅ/ਧ 223 ਬੀ.ਐਨ.ਐਸ. ਤਹਿਤ ਦਰਜ ਕੀਤੇ ਗਏ ਮਾਮਲੇ 'ਚ ਕਿਸਮਤ ਸਿੰਘ ਵਾਸੀ ਪਿੰਡ ਜਲਵੇੜ੍ਹਾ ਅਤੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਹਸਨਪੁਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨਾਂ ਨੂੰ ਬਾਅਦ ਵਿੱਚ ਬਰ ਜ਼ਮਾਨਤ ਰਿਹਾਅ ਕਰ ਦਿੱਤਾ ਗਿਆ।