ਤਪਾ ਮੰਡੀ 2 ਸਤੰਬਰ (ਯਾਦਵਿੰਦਰ ਸਿੰਘ ਤਪਾ)-
ਸਥਾਨਕ ਖੱਟਰਪੱਤੀ ਚੌਂਕ ਤੋਂ ਦਰਾਜ ਫਾਟਕ ਨੂੰ ਜਾਂਦੀ ਰੋਡ ‘ਤੇ ਸੀਵਰੇਜ ਦੀ ਪਾਈਪ ਲੀਕੇਜ ਦਾ ਗੰਦਾ ਪਾਣੀ,ਪੀਣ ਵਾਲੀ ਪਾਈਪ ‘ਚ ਮਿਕਸ ਹੋਣ ਕਾਰਨ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹਨ,ਜਿਸ ਤੋਂ ਪ੍ਰੇਸ਼ਾਨ ਹੋਏ ਲੋਕਾਂ ਨੇ ਨਗਰ ਕੌਸਲ ਖਿਲਾਫ ਰੋਸ ਪ੍ਰਗਟ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਹਵੇਲੀ ਪੱਤੀ ਦੇ ਵਸਨੀਕ ਬੁੱਕਣ ਸਿੰਘ ਅਤੇ ਮੱਖਣ ਸਿੰਘ ਨੇ ਦੱਸਿਆ ਕਿ ਲਗਭਗ ਇੱਕ ਮਹੀਨੇ ਤੋਂ ਸੀਵਰੇਜ ਦੀ ਅੰਡਰਗਰਾਊੰਡ ਪਾਈਪ ਲੀਕੇਜ ਹੋਕੇ ਨਾਲੋਂ ਲੰਘਦੀ ਵਾਟਰ ਸਪਲਾਈ ਪਾਈਪ ‘ਚ ਮਿਕਸ ਹੋ ਰਿਹਾ ਹੈ। ਇਸ ਬਾਰੇ ਨਗਰ ਕੌਸਲ ਨੂੰ ਕਈ ਵਾਰ ਧਿਆਨ ‘ਚ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਾਈਪ ਲੀਕੇਜ ਕਾਰਨ ਸੜਕ ਵਿਚਕਾਰ ਡੂੰਘਾ ਖੱਡਾ ਵੀ ਬਣ ਗਿਆ ਹੈ,ਜੋ ਆਉਣ-ਜਾਣ ਵਾਲੇ ਦੋ ਪਹੀਆ ਵਾਹਨ ਚਾਲਕਾਂ ਨੂੰ ਹਾਦਸਿਆਂ ਦਾ ਸੱਦਾ ਦੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਰੋਡ ਦਰਾਜ,ਦਰਾਕਾ,ਆਲੀਕੇ,ਰਾਈਆ,ਜੈਮਲਸਿੰਘ ਵਾਲਾ,ਮੌੜ ਮਕਸੂਥਾ ਆਦਿ ਪਿੰਡਾਂ ਤੋਂ ਇਲਾਵਾ ਰੇਲਵੇ ਸਟੇਸ਼ਨ ਅਤੇ ਆਨੰਦਪੁਰ ਬਸਤੀ ਤਪਾ ਨੂੰ ਮਿਲਾਉਂਦੀ ਹੈ ਜਿਨ੍ਹਾਂ ਨੂੰ ਦਿਨ-ਰਾਤ ਆਉਣ-ਜਾਣ ‘ਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਇਸ ਸੜਕ ਰਾਹੀਂ ਕਣਕ,ਚਾਵਲਾਂ ਦੀਆਂ ਸਪੈਸਲਾਂ ਭਰਨ ਲਈ ਵੱਡੀ ਗਿਣਤੀ ‘ਚ ਟਰੱਕ ਲੰਘਦੇ ਹਨ ਜਿਨ੍ਹਾਂ ਦੇ ਕਈ ਵਾਰ ਵਾਹਨ ਨੁਕਸਾਨੇ ਗਏ ਹਨ। ਉਨ੍ਹਾਂ ਨਗਰ ਕੌਸਲ ਤਪਾ ਤੋਂ ਮੰਗ ਕੀਤੀ ਹੈ ਕਿ ਸੀਵਰੇਜ ਦਾ ਗੰਦਾ ਪਾਣੀ ਵਾਟਰ ਸਪਲਾਈ ਦੀਆਂ ਪਾਈਪਾਂ ‘ਚ ਮਿਕਸ ਹੋਣ ਕਾਰਨ ਲੋਕ ਪਾਣੀ ਪੀਕੇ ਬੀਮਾਰ ਹੋ ਰਹੇ ਹਨ,ਇਸ ਸਮੱਸਿਆਂ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਨਹੀਂ ਤਾਂ ਲੋਕ ਨਗਰ ਕੌਸਲ ਖਿਲਾਫ ਮੋਰਚਾ ਖੋਲ੍ਹਣਗੇ, ਜਿਸ ਦੀ ਜਿੰਮੇਵਾਰੀ ਨਗਰ ਕੌਸਲ ਤਪਾ ਦੀ ਹੋਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਅਗਰ ਨਗਰ ਕੌਸਲ ਸਮੱਸਿਆਂ ਨੂੰ ਜਲਦੀ ਹੱਲ ਕਰ ਦਿੰਦੀ ਤਾਂ ਸੜਕ ‘ਚ ਡੂੰਘੇ ਟੋਏ ਵੀ ਨਾ ਪੈਂਦੇ। ਇਸ ਮੌਕੇ ਬੂਟਾ ਸਿੰਘ,ਹਰਮੇਲ ਸਿੰਘ,ਰਾਜਵਿੰਦਰ ਸਿੰਘ ਵੀ ਹਾਜਰ ਸਨ। ਜਦ ਨਗਰ ਕੌਸਲ ਦੇ ਇਸ ਨਾਲ ਸਬੰਧਤ ਕਰਮਚਾਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਮੱਸਿਆਂ ਦਾ ਜਲਦੀ ਹੀ ਸਮਾਧਾਨ ਕਰ ਦਿੱਤਾ ਜਾਵੇਗਾ।