ਸੁਭਾਸ਼ ਚੰਦਰ/ਪੱਤਰ ਪ੍ਰੇਰਕ
ਸਮਾਣਾ 3 ਸਤੰਬਰ
ਥਾਣਾ ਸਿਟੀ ਪੁਲਿਸ ਨੇ ਕਰੀਬ ਪੰਜ ਮਹੀਨਿਆਂ ਤੋਂ ਲਾਪਤਾ ਨੌਜਵਾਨ ਦੀ ਗੁੱਥੀ ਸੁਲਝਾਉਂਦੇ ਹੋਏ ਤਿੰਨ ਨੌਜਵਾਨਾ ਨੂੰ ਲਾਪਤਾ ਨੌਜਵਾਨ ਦੇ ਕਤਲ ਕੀਤੇ ਜਾਣ ਦੇ ਦੋਸ਼ ਹੇਠ ਪਹਿਲਾਂ ਤੋਂ ਦਰਜ ਜੁਰਮਾਂ ਚ ਵਾਧਾ ਕਰਦੇ ਹੋਏ 302,34 ਅਧੀਨ ਮਾਮਲਾ ਦਰਜ ਕਰ ਸਤਨਾਮ ਸਿੰਘ ਉਰਫ ਪਿ੍ਰੰਸ ਵਾਸੀ ਵੜੇਚਾਪਤੀ, ਜਗਜੀਤ ਸਿੰਘ ਉਰਫ ਜੱਜ ਵਾਸੀ ਛੋਟੀ ਮਾਜਰੀ ਅਤੇ ਅੰਮ੍ਰਿਤ ਪਾਲ ਸਿੰਘ ਵਾਸੀ ਘੜਾਮਾਪਤੀ ਸਮਾਣਾ ਨੂੰ ਗਿ੍ਰਫਤਾਰ ਕੀਤਾ ਹੈ।
ਜਾਣਕਾਰੀ ਦਿੰਦਿਆਂ ਡੀ.ਐਸ.ਪੀ ਨੇਹਾ ਅਗਰਵਾਲ ਨੇ ਦੱਸਿਆ ਕਿ ਮਿ੍ਰਤਕ ਮਨੀਸ਼ ਕੁਮਾਰ ਉਰਫ ਮਾਹੀ (25) ਵਾਸੀ ਮਲਕਾਣਾਪਤੀ ਸਮਾਣਾ ਦੇ ਪਿਤਾ ਅਸ਼ੋਕ ਕੁਮਾਰ ਵੱਲੋਂ ਆਪਣੇ ਲੜਕੇ ਦੇ ਲਾਪਤਾ ਹੋਣ ਦੀ ਤਿੰਨ ਅਪ੍ਰੈਲ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਉਸ ਸਮੇਂ ਤੋਂ ਹੀ ਪਰਿਵਾਰਿਕ ਮੈਂਬਰਾਂ ਤੇ ਪੁਲਿਸ ਵੱਲੋਂ ਲੜਕੇ ਦੀ ਭਾਲ ਕੀਤੀ ਜਾ ਰਹੀ ਸੀ। ਪਰ ਕਈ ਮਹੀਨੇ ਬੀਤ ਜਾਣ ਤੋਂ ਬਾਅਦ ਲੜਕੇ ਬਾਰੇ ਕੋਈ ਪਤਾ ਨਹੀਂ ਲੱਗਿਆ। ਪੁਲਿਸ ਤਕਨੀਕੀ ਤੌਰ ਤੇ ਆਪਣੀ ਜਾਂਚ ਕਰ ਰਹੀ ਸੀ। ਜਾਂਚ ਦੌਰਾਨ ਪੁਲਿਸ ਨੂੰ ਉਸ ਦੇ ਦੋਸਤਾਂ ਵੱਲੋਂ ਉਧਾਰੀ ਦੇ ਪੈਸੇ ਵਾਪਸ ਨਾਂ ਕਰਨ ਤੇ ਉਸ ਦਾ ਕਤਲ ਕੀਤੇ ਜਾਣ ਦਾ ਪਤਾ ਲੱਗਿਆ। ਸਿਟੀ ਪੁਲਿਸ ਮੁਖੀ ਸਿਵਦੀਪ ਸਿੰਘ ਬਰਾੜ ਤੇ ਪਸਿਆਣਾ ਥਾਣਾ ਮੁਖੀ ਕਰਨ ਬੀਰ ਸਿੰਘ ਨੇ ਸਾਂਝੇ ਤੌਰ ਤੇ ਨਾਕਾਬੰਦੀ ਕਰਕੇ ਉਕਤ ਤਿੰਨੇ ਮੁਲਜਮਾਂ ਨੂੰ ਅਗਰਵਾਲ ਗਉਸ਼ਾਲਾ ਨੇੜਿਓਂ ਸੋਮਵਾਰ ਨੂੰ ਕਾਬੂ ਕਰ ਲਿਆ। ਉਹਨਾਂ ਅੱਗੇ ਦੱਸਿਆ ਕਿ ਮੁਲਜਮਾ ਨੇ 2 ਹਜਾਰ ਰੁਪਏ ਉਧਾਰੀ ਵਾਪਸ ਲੈਣ ਦੇ ਮਾਮਲੇ 'ਚ ਮਨੀਸ਼ ਕੁਮਾਰ ਨੂੰ ਤਿੰਨ /ਚਾਰ ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਭਾਖੜਾ ਨਹਿਰ ਵਿੱਚ ਸੁੱਟ ਕੇ ਮਾਰ ਦਿੱਤਾ ਸੀ। ਡੀ.ਐਸ.ਪੀ. ਨੇਹਾ ਅਗਰਵਾਲ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਹੋਰ ਪੁੱਛ ਗਿੱਛ ਲਈ ਮਾਨਯੋਗ ਅਦਾਲਤ 'ਚ ਪੇਸ਼ ਕਰ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ।