ਜੈਤੋ, 3 ਸਤੰਬਰ (ਮਨਜੀਤ ਸਿੰਘ ਢੱਲਾ)
ਸਥਾਨਕ ਸੀ.ਆਈ.ਏ. ਵਲੋਂ ਚੋਰੀ ਦੇ 10 ਮੋਟਰਸਾਈਕਲ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਸਬ-ਡਵੀਜ਼ਨ ਜੈਤੋਂ ਦੇ ਡੀ.ਐਸ.ਪੀ ਸੁਖਦੀਪ ਸਿੰਘ ਤੇ ਇੰਸਪੈਕਟਰ ਰਾਜੇਸ਼ ਕੁਮਾਰ ਮੁੱਖ ਅਫ਼ਸਰ ਥਾਣਾ ਜੈਤੋ ਨੇ ਦੱਸਿਆ ਹੈ ਕਿ ਸੀ.ਆਈ.ਏ ਜੈਤੋ ਦੇ ਸਹਾਇਕ ਥਾਣੇਦਾਰ ਪਰਮਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸੰਬੰਧ ਵਿਚ ਗਸ਼ਤ ਕਰਦੇ ਹੋਏ ਦਾਣਾ ਮੰਡੀ ਜੈਤੋ ਤੋਂ ਹੁੰਦੇ ਹੋਏ ਬਾਜਾਖਾਨਾ ਚੌਂਕ ਜੈਤੋ ਵਿਖੇ ਪੁੱਜੇ ਤਾਂ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਮਨਪ੍ਰੀਤ ਸਿੰਘ ਉਰਫ਼ ਬੱਬੂ ਪੁੱਤਰ ਅਮਰਵੀਰ ਸਿੰਘ ਵਾਸੀ ਨੇੜੇ ਧਰਮਸ਼ਾਲਾ ਪਿੰਡ ਰਣ ਸਿੰਘ ਵਾਲਾ ਅਤੇ ਧਰਮ ਸਿੰਘ ਉਰਫ਼ ਧਰਮਾ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਵਾਂਦਰ (ਮੋਗਾ) ਜੋ ਕਿ ਮੋਟਰਸਾਈਕਲ ਚੋਰੀ ਕਰਨ ਦੇ ਆਦੀ ਹਨ ਅਤੇ ਚੋਰੀ ਕੀਤੇ ਮੋਟਰਸਾਈਕਲ ਨੂੰ ਵੇਚਣ ਦੀ ਤਾਂਘ ਵਿਚ ਜੈਤੋ-ਬਠਿੰਡਾ ਰੋਡ ’ਤੇ ਘੁੰਮ ਰਹੇ ਹਨ ਤਾਂ ਪੁਲਿਸ ਮੁਲਾਜ਼ਮਾਂ ਨੇ ਕਥਿਤ ਦੋਸ਼ੀਆਂ ਮਨਪ੍ਰੀਤ ਸਿੰਘ ਉਰਫ਼ ਬੱਬੂ ਅਤੇ ਧਰਮ ਸਿੰਘ ਉਰਫ਼ ਧਰਮਾ ਨੂੰ ਚੋਰੀ ਦੇ ਇਕ ਮੋਟਰਸਾਈਕਲ ਸਮੇਤ ਕਾਬੂ ਕੀਤਾ, ਜਦ ਕਿ ਉਕਤ ਮੁਕੱਦਮੇ ਦੀ ਤਫ਼ਤੀਸ਼ ਦੌਰਾਨ ਉਕਤਾਨ ਕਥਿਤ ਦੋਸ਼ੀਆਂ ਪਾਸੋਂ ਚੋਰੀ ਕੀਤੇ ਹੋਏ 9 ਹੋਰ ਮੋਟਰਸਾਈਕਲ ਬਰਾਮਦ ਹੋਏ ਹਨ। ਇਹ ਕਥਿਤ ਦੋਸ਼ੀ ਬਾਜਾਖਾਨਾ, ਜੈਤੋ ਅਤੇ ਕੋਟਕਪੂਰਾ ਦੇ ਏਰੀਆਂ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੇ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿਛ ਕੀਤੀ ਜਾਵੇਗੀ।