ਸ੍ਰੀ ਫ਼ਤਹਿਗੜ੍ਹ ਸਾਹਿਬ/4 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੀ ਯੋਗ ਅਗਵਾਈ ਹੇਠ ਜਿਲੇ ਅੰਦਰ ਇੱਕ ਤੋਂ ਸੱਤ ਸਤੰਬਰ ਤੱਕ "ਰਾਸ਼ਟਰੀ ਖੁਰਾਕ ਹਫਤਾ" ਮਨਾਇਆ ਜਾ ਰਿਹਾ। ਇਸ ਸਬੰਧੀ ਜਾਗਰੂਕ ਕਰਨ ਲਈ ਪਿੰਡ ਭੱਲਮਾਜਰਾ ਦੇ ਆਂਗਣਵਾੜੀ ਸੈਂਟਰ ਵਿੱਚ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿੱਥੇ ਗਰਭਵਤੀ ਔਰਤਾਂ, ਬੱਚਿਆਂ ਅਤੇ ਆਮ ਲੋਕਾਂ ਨੂੰ ਸਿਹਤਮੰਦ ਰਹਿਣ ਲਈ ਚੰਗੀ ਖੁਰਾਕ ਦੀ ਮਹੱਤਤਾ ਬਾਰੇ ਦੱਸਿਆ ਗਿਆ। ਕੈਂਪ ਨੂੰ ਸੰਬੋਧਨ ਕਰਦਿਆਂ ਡਾ. ਦਵਿੰਦਰਜੀਤ ਕੌਰ ਨੇ ਕਿਹਾ ਕਿ "ਕੌਮੀ ਖੁਰਾਕ ਹਫਤੇ" ਦਾ ਮੁੱਖ ਉਦੇਸ਼ ਹਰ ਵਿਅਕਤੀ ਸਿਹਤਮੰਦ ਰਹਿਣ ਲਈ ਚੰਗੀ ਖੁਰਾਕ ਬਾਰੇ ਜਾਗਰੂਕ ਕਰਨਾ ਹੈ ,ਕਿਉਂਕਿ ਸਿਹਤਮੰਦ ਜੀਵਨ ਲਈ ਚੰਗੀ ਖੁਰਾਕ ਦਾ ਹੋਣਾ ਅਤੀ ਜਰੂਰੀ ਹੁੰਦਾ ਹੈ। ਉਹਨਾਂ ਕਿਹਾ ਕਿ ਕੁਪੋਸ਼ਣ ਦੀ ਸਮੱਸਿਆ ਨੂੰ ਰੋਕਣ ਲਈ ਉਪਰਾਲਿਆਂ ‘ਤੇ ਧਿਆਨ ਕੇਂਦਰਿਤ ਕਰਨਾ ਹੈ,ਨਰੋਈ ਸਿਹਤ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਵੀ ਇਸ ਹਫਤੇ ਦਾ ਮੁੱਖ ਮਕਸਦ ਹੈ।ਉਹਨਾਂ ਦੱਸਿਆ ਕਿ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਪੌਸ਼ਟਿਕ ਆਹਾਰ ਦੀ ਵਧੇਰੇ ਲੋੜ ਹੁੰਦੀ ਹੈ , ਇਸ ਲਈ ਉਹਨਾਂ ਨੂੰ ਆਪਣੀ ਖੁਰਾਕ ਵਿੱਚ ਦੁੱਧ ,ਦਹੀਂ , ਹਰੀਆਂ ਅਤੇ ਪੱਤੇਦਾਰ ਸਬਜ਼ੀਆਂ , ਉਬਲੀਆਂ ਤੇ ਪੁੰਗਰੀਆਂ ਦਾਲਾਂ ਅਤੇ ਮੌਸਮੀ ਫਲ ਆਦਿ ਨੂੰ ਆਪਣੇ ਭੋਜਨ ਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਨਵ ਜਨਮੇ ਬੱਚੇ ਲਈ ਪਹਿਲੇ ਛੇ ਮਹੀਨੇ ਮਾਂ ਦਾ ਦੁੱਧ ਪੂਰਨ ਆਹਾਰ ਹੈ । ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਬੱਚੇ ਫਾਸਟ ਫੂਡ ਖਾਣ ਦੇ ਬਹੁਤ ਸ਼ੌਕੀਨ ਹਨ ਜੋ ਕਿ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਇਹ ਖਾਣਾ ਖਾਣ ਨਾਲ ਬੱਚੇ ਬਹੁਤ ਸਾਰੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ ।ਇਸ ਲਈ ਫਾਸਟ ਫੂਡ ਅਤੇ ਜੰਕ ਫੂਡ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ । ਇਸ ਮੌਕੇ ਤੇ ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ, ਜਸਵਿੰਦਰ ਕੌਰ, ਮਲਟੀ ਪਰਪਜ ਹੈਲਥ ਵਰਕਰ ਤਰਸੇਮ ਸਿੰਘ, ਬਲਵਿੰਦਰ ਕੌਰ, ਆਂਗਣਵਾੜੀ ਵਰਕਰ ਗੁਰਮੀਤ ਕੌਰ, ਟੀਚਰ ਕਸ਼ਮੀਰ ਸਿੰਘ,ਆਸ਼ਾ ਵਰਕਰਾਂ,ਪੰਚਾਇਤ ਮੈਂਬਰ ਅਤੇ ਆਮ ਲੋਕ ਹਾਜ਼ਰ ਸਨ ।