ਡੇਰਾਬਸੀ 4 ਸਤੰਬਰ (ਰਾਜੀਵ ਗਾਂਧੀ )
ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਵਿਧਾਨ ਸਭਾ ਸੈਸ਼ਨ ਦੇ ਤੀਸਰੇ ਦਿਨ ਅੱਗ ਬੁਝਾਊ ਸਟਾਫ ਵਿੱਚ ਮਹਿਲਾਵਾਂ ਦੀ ਭਰਤੀ ਲਈ ਫਿਜੀਕਲ ਟੈਸਟ ਦੇ ਮੌਜੂਦਾ ਮਾਪਦੰਡਾਂ ਵਿਚ ਤਬਦੀਲੀ ਕਰਨ ਦੇ ਫੈਸਲੇ ਦੀ ਸਲਾਘਾ ਕਰਦਿਆਂ ਮੁੱਖ ਮੰਤਰੀ ਮਾਨ ਦਾ ਧੰਨਵਾਦ ਕੀਤਾ ਹੈ । ਵਿਧਾਇਕ ਰੰਧਾਵਾ ਨੇ ਦੱਸਿਆ ਕਿ ਫਾਇਰ ਬਿ੍ਰਗੇਡ ਵਿੱਚ ਨੌਕਰੀ ਪ੍ਰਾਪਤ ਕਰਨ ਲਈ ਲੜਕੀਆਂ ਅਨੁਸਾਰ ਨਿਯਮ ਬਣਾਉਣ ਦੀ ਮੰਗ ਡੇਰਾਬੱਸੀ ਹਲਕੇ ਦੀਆਂ ਲੜਕੀਆਂ ਵੱਲੋਂ ਮੁੱਖ ਮੰਤਰੀ ਮਾਨ ਦੀ ਭਾਂਖਰਪੁਰ ਫੇਰੀ ਦੌਰਾਨ ਰੱਖੀ ਗਈ ਸੀ। ਜਿਸ ਨੂੰ ਪੂਰਾ ਕਰਕੇ ਮੁੱਖ ਮੰਤਰੀ ਮਾਨ ਨੇ ਡੇਰਾਬੱਸੀ ਹਲਕੇ ਦੇ ਲੋਕਾਂ ਨਾਲ ਕੀਤਾ ਦੂਜਾ ਵਾਅਦਾ ਵੀ ਪੂਰਾ ਕਰ ਦਿੱਤਾ ਹੈ।
ਵਿਧਾਇਕ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਵੱਲੋਂ ਕੀਤੇ ਇਸ ਇਤਿਹਾਸਿਕ ਫੈਸਲੇ ਨਾਲ ਜਿੱਥੇ ਲੜਕੀਆਂ ਲਈ ਰੁਜ਼ਗਾਰ ਦੇ ਸਾਧਨਾ ਵਿੱਚ ਵਾਧਾ ਹੋਵੇਗਾ ਉੱਥੇ ਹੀ ਲੜਕੀਆਂ ਨੂੰ ਅੱਗ ਬੁਝਾਊ ਸਟਾਫ ਵਿੱਚ ਭਰਤੀ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਜਾਵੇਗਾ।
ਉਨਾਂ ਦੱਸਿਆ ਕਿ ਫਾਇਰ ਵਿਭਾਗ ਵਿੱਚ ਨਿਕਲੀਆਂ ਅਸਾਮੀਆਂ ਦੇ ਲਿਖਤੀ ਪੇਪਰ ਵਿੱਚ ਲੜਕੀਆਂ ਵੱਲੋਂ ਚੰਗੇ ਨੰਬਰ ਪ੍ਰਾਪਤ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਨੌਕਰੀ ਨਹੀਂ ਮਿਲਦੀਆਂ ਸਨ। ਉਨ੍ਹਾਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਵੱਲੋਂ ਫਿਜੀਕਲ ਟੈਸਟ ਲਈ ਬਣਾਏ ਗਏ ਗਲਤ ਨਿਯਮਾਂ ਕਾਰਨ ਲੜਕੀਆਂ ਟੈਸਟ ਵਿੱਚ ਫੇਲ ਹੋ ਜਾਂਦੀਆਂ ਸਨ, ਕਿਉਂਕਿ ਮੁੰਡਿਆਂ ਅਤੇ ਲੜਕੀਆਂ ਨੂੰ ਇੱਕ ਬਰਾਬਰ 60 ਕਿਲੋ ਵਜਨ ਚੁੱਕਣ ਲਈ ਦਿੱਤਾ ਜਾਂਦਾ ਸੀ ਜੋ ਕਿ ਬਿਲਕੁਲ ਗਲਤ ਸੀ। ਉਨ੍ਹਾਂ ਕਿਹਾ ਕਿ ਮੁੰਡੇ ਅਤੇ ਕੁੜੀਆਂ ਲਈ ਨਿਯਮ ਹਰ ਇੱਕ ਖੇਤਰ ਅਤੇ ਵਰਗ ਵਿੱਚ ਵੱਖੋ ਵੱਖ ਹਨ ਪਰ ਫਾਇਰ ਬਿ੍ਰਗੇਡ ਵਿੱਚ ਨੌਕਰੀ ਪ੍ਰਾਪਤ ਕਰਨ ਵਾਲੀਆਂ ਨੂੰ ਇੱਕੋ ਜਿਹੇ ਨਿਯਮਾਂ ਅਨੁਸਾਰ ਟੈਸਟ ਦੇਣ ਲਈ ਮਜਬੂਰ ਹੋਣਾ ਪੈਂਦਾ ਸੀ। ਜਿਨਾਂ ਵਿੱਚ ਤਬਦੀਲੀ ਕਰਨਾ ਬਹੁਤ ਜਰੂਰੀ ਸੀ। ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਪੰਜਾਬ ਦੀਆਂ ਧੀਆਂ ਨਾਲ ਕੀਤਾ ਵਾਅਦਾ ਅੱਜ ਪੂਰਾ ਕਰ ਦਿੱਤਾ ਹੈ। ਜਿਸ ਲਈ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਹੈ।