ਰੋਮੀ ਕਪੂਰ, ਸੁਰਿੰਦਰ ਦਮਦਮੀ
ਕੋਟਕਪੂਰਾ, 04 ਸਤੰਬਰ : ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ: 295 ਜਿਲ੍ਹਾ ਫਰੀਦਕੋਟ ਵੱਲੋਂ ਜਿਲ੍ਹਾ ਪ੍ਰਧਾਨ ਡਾਕਟਰ ਅੰਮ੍ਰਿਤਵੀਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਪਿਛਲੇ ਲੰਮੇ ਸਮੇਂ ਤੋਂ ਅਣਰਜਿਸਟਰਡ ਮੈਡੀਕਲ ਟੈਕਸੀਸ਼ਨਰਾਂ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਸੀ। ਇਸ ਤਹਿਤ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ ਅਤੇ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੂੰ ਨਿੱਜੀ ਤੌਰ ਤੇ ਮਿਲ ਕੇ ਜੱਥੇਬੰਦੀ ਦੇ ਮਸਲੇ ਦਾ ਹੱਲ ਕਰਨ ਸਬੰਧੀ ਮੰਗ ਪੱਤਰ ਦਿੱਤੇ ਜਿਸ ਦੇ ਚੱਲਦਿਆਂ ਸਪੀਕਰ ਸੰਧਵਾਂ ਵੱਲੋਂ ਇਹ ਸਵਾਲ ਵਿਧਾਨ ਸਭਾ ਸੈਸ਼ਨ ਵਿੱਚ ਉਠਾਉਣ ਦੀ ਇਜਾਜ਼ਤ ਦੇਣ ਦਾ ਭਰੋਸਾ ਦਿਵਾਇਆ ਸੀ। ਅੱਜ ਉਨ੍ਹਾਂ ਨੇ ਆਪਣਾ ਵਾਅਦਾ ਨਿਭਾਉਂਦਿਆਂ ਹੋਇਆਂ ਇਹ ਸਵਾਲ ਉਠਾਉਣ ਦੀ ਇਜਾਜ਼ਤ ਦਿੱਤੀ ਜਿਸ ਤੇ ਬੁਢਲਾਡਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪਿ੍ਰੰਸੀਪਲ ਬੁੱਧ ਰਾਮ ਨੇ ਇਸ ਮੁੱਦੇ ਨੂੰ ਵਿਧਾਨ ਸਭਾ ਵਿੱਚ ਬੜੇ ਵਿਸਥਾਰ ਨਾਲ ਉਠਾਇਆ, ਜਿਸ ਤੇ ਸਪੀਕਰ ਸੰਧਵਾਂ ਨੇ ਵੀ ਆਪਣਾ ਵਿਚਾਰ ਦਿੰਦਿਆਂ ਹੋਇਆਂ ਇਸ ਮਸਲੇ ਨੂੰ ਹੱਲ ਕਰਨ ਦੀ ਸਰਕਾਰ ਨੂੰ ਬੇਨਤੀ ਕੀਤੀ। ਜਿਲ੍ਹਾ ਫਰੀਦਕੋਟ ਦੀ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ: 295 ਵੱਲੋਂ ਕੁਲਤਾਰ ਸਿੰਘ ਸੰਧਵਾਂ ਅਤੇ ਪਿ੍ਰੰਸੀਪਲ ਬੁੱਧਰਾਮ ਦਾ ਤਹਿ ਦਿਲੋਂ ਧੰਨਵਾਦ ਕੀਤਾ ।ਇਸ ਦੇ ਨਾਲ ਹੀ ਉਹਨਾਂ ਨੇ ਜਥੇਬੰਦੀ ਨੂੰ ਵਿਧਾਨ ਸਭਾ ਦਾ ਸੈਸ਼ਨ ਦੇਖਣ ਲਈ ਚੰਡੀਗੜ੍ਹ ਬੁਲਾ ਕੇ ਸੈਸ਼ਨ ਦੇਖਣ ਦਾ ਮੌਕਾ ਦਿੱਤਾ ਅਤੇ ਬਹੁਤ ਰਝੇਵਿਆਂ ਦੇ ਵਿੱਚੋਂ ਉਚੇਚੇ ਤੌਰ ਤੇ ਸਮਾਂ ਕੱਢ ਕੇ ਆਪ ਵੀ ਅਤੇ ਡਿਪਟੀ ਸਪੀਕਰ ਕ੍ਰਿਸ਼ਨ ਸਿੰਘ ਰੋੜੀ ਸਮੇਤ ਸਭ ਮੈਂਬਰਾਂ ਕੋਲ ਬੈਠ ਕੇ ਜਥੇਬੰਦੀ ਦੇ ਮਸਲੇ ਤੇ ਬੜੀ ਗੰਭੀਰਤਾ ਨਾਲ ਵਿਚਾਰਾਂ ਕੀਤੀਆਂ। ਇਸ ਮੌਕੇ ਸਮੂਹ ਜਥੇਬੰਦੀ ਵੱਲੋਂ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾਕਟਰ ਅੰਮਿ੍ਤਵੀਰ ਸਿੰਘ ਸਿੱਧੂ, ਜਿਲ੍ਹਾ ਖਜਾਨਚੀ ਡਾਕਟਰ ਜਗਸੀਰ ਸਿੰਘ, ਜਿਲ੍ਹਾ ਪ੍ਰੈਸ ਸਕੱਤਰ ਡਾਕਟਰ ਕਰਮ ਸਿੰਘ, ਜਿਲ੍ਹਾ ਚੇਅਰਮੈਨ ਡਾਕਟਰ ਜਰਨੈਲ ਸਿੰਘ ਡੋਡ, ਜ਼ਿਲ੍ਹਾ ਮੀਤ ਪ੍ਰਧਾਨ ਡਾਕਟਰ ਅਮਰਜੀਤ ਸਿੰਘ ਲੰਬਵਾਲੀ, ਜਿਲ੍ਹਾ ਸਪੋਕਸਮੈਨ ਡਾਕਟਰ ਗੁਰਪਾਲ ਸਿੰਘ ਮੌੜ, ਡਾਕਟਰ ਬਲਵਿੰਦਰ ਸਿੰਘ ਬਰਗਾੜੀ, ਵੈਦ ਬਗੀਚਾ ਸਿੰਘ, ਬਲਾਕ ਜੈਤੋ ਦੇ ਪ੍ਰਧਾਨ ਡਾਕਟਰ ਹਰਪਾਲ ਸਿੰਘ, ਬਲਾਕ ਬਾਜਾ ਖਾਨਾ ਦੇ ਪ੍ਰਧਾਨ ਡਾਕਟਰ ਜਸਵਿੰਦਰ ਸਿੰਘ, ਬਲਾਕ ਖਾਰਾ ਦੇ ਪ੍ਰਧਾਨ ਡਾਕਟਰ ਸੁਖਜਿੰਦਰ ਸਿੰਘ ਸਿੱਧੂ, ਬਲਾਕ ਕੋਟਕਪੁਰਾ ਦੇ ਪ੍ਰਧਾਨ ਡਾਕਟਰ ਰਣਜੀਤ ਸਿੰਘ, ਬਲਾਕ ਪੰਜਗਰਾਈ ਦੇ ਜਨਰਲ ਸਕੱਤਰ ਡਾਕਟਰ ਲਖਵਿੰਦਰ ਸਿੰਘ ਤੋਂ ਇਲਾਵਾ ਬਾਕੀ ਬਲਾਕਾਂ ਦੇ ਮੈਂਬਰਾਂ ਨੇ ਵੀ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।