ਚੰਡੀਗੜ੍ਹ, 5 ਸਤੰਬਰ
ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਗਏ। ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਮੀਟਿੰਗ ਵਿੱਚ ਪੰਜਾਬ ਮੰਤਰੀ ਮੰਡਲ ਦੇ ਅੰਦਰ ਨਵੀਂ ਸਿੱਖਿਆ ਨੀਤੀ ਲਿਆਉਣ ਬਾਰੇ ਚਰਚਾ ਹੋਈ। ਨੀਤੀ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਅਤੇ ਤਕਨੀਕੀ ਸਿੱਖਿਆ ਪ੍ਰਦਾਨ ਕਰਨ 'ਤੇ ਜ਼ਿਆਦਾ ਧਿਆਨ ਦੇਵੇਗੀ। ਇਸ ਸਾਲ 2 ਲੱਖ ਬੱਚਿਆਂ ਨੇ #SchoolOfEminence ਵਿੱਚ ਦਾਖ਼ਲੇ ਲਈ ਅਪਲਾਈ ਕੀਤਾ ਹੈ।
ਇਸ ਦੇ ਨਾਲ ਹੀ ਕੈਬਨਿਟ ਨੇ ਪੈਟਰੋਲ ਅਤੇ ਡੀਜ਼ਲ 'ਤੇ ਵੈਟ ਵਧਾਉਣ ਦਾ ਫੈਸਲਾ ਕੀਤਾ ਹੈ। ਪੈਟਰੋਲ ਹੁਣ 62 ਪੈਸੇ ਮਹਿੰਗਾ ਅਤੇ ਡੀਜ਼ਲ 92 ਪੈਸੇ ਮਹਿੰਗਾ ਹੋ ਗਿਆ ਹੈ।
ਹਰਪਾਲ ਚੀਮਾ ਨੇ ਅੱਗੇ ਦੱਸਿਆ ਕਿ ਪਹਿਲਾਂ ਪੁਰਾਣੇ ਵਾਹਨਾਂ ਤੋਂ ਤਿਮਾਹੀ ਟੈਕਸ ਵਸੂਲਿਆ ਜਾਂਦਾ ਸੀ। ਹੁਣ ਪੁਰਾਣੇ ਵਾਹਨ 1 ਸਾਲ ਬਾਅਦ ਵੀ ਟੈਕਸ ਦਾ ਭੁਗਤਾਨ ਕਰ ਸਕਦੇ ਹਨ। ਨਵੇਂ ਮਾਲ ਵਾਹਨਾਂ ਦੇ ਖਰੀਦਦਾਰਾਂ ਨੂੰ 4 ਸਾਲ ਦਾ ਟੈਕਸ ਅਦਾ ਕਰਨ 'ਤੇ 10% ਅਤੇ 8 ਸਾਲ ਦਾ ਟੈਕਸ ਅਦਾ ਕਰਨ 'ਤੇ 20% ਦੀ ਛੋਟ ਮਿਲੇਗੀ।
ਇਸ ਤੋਂ ਇਲਾਵਾ ਚੀਮਾ ਨੇ ਇਹ ਵੀ ਕਿਹਾ ਕਿ ਮਾਨ ਸਰਕਾਰ ਦੀ ਓ.ਟੀ.ਐੱਸ.-3 ਸਕੀਮ ਪੂਰੀ ਤਰ੍ਹਾਂ ਸਫਲ ਰਹੀ ਹੈ, ਹਾਲਾਂਕਿ ਕਾਂਗਰਸ ਦੇ ਸਮੇਂ ਲਿਆਂਦੀਆਂ ਗਈਆਂ ਓ.ਟੀ.ਐੱਸ.-1 ਅਤੇ ਓ.ਟੀ.ਐੱਸ.-2 ਸਕੀਮਾਂ ਫੇਲ ਹੋ ਗਈਆਂ ਸਨ। OTS-3 ਦੇ ਫਾਇਦੇ ਇਹ ਹਨ ਕਿ, ਪੰਜਾਬ ਦੇ ਖਜ਼ਾਨੇ ਨੂੰ 164.35 ਕਰੋੜ ਰੁਪਏ, ਲਗਭਗ 70,311 ਲੋਕਾਂ ਨੂੰ ਲਾਭ ਪਹੁੰਚਾਉਂਦੇ ਹੋਏ, OTS-3 ਸਕੀਮ ਦਾ ਦਾਇਰਾ ਜਲਦੀ ਹੀ ਹੋਰ ਵਧਾਇਆ ਜਾਵੇਗਾ।