ਸ੍ਰੀ ਅਨੰਦਪੁਰ ਸਾਹਿਬ 05 ਸਤੰਬਰ (ਤਰਲੋਚਨ ਸਿੰਘ )
ਲੋਕਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਮੁਹੱਇਆ ਕਰਾਉਣ ਦੇ ਮੰਤਵ ਤਹਿਤ ਸਿਵਲ ਸਰਜਨ ਰੂਪਨਗਰ ਡਾ. ਤਰਸੇਮ ਸਿੰਘ ਵੱਲੋਂ ਅੱਜ ਸਬ ਡਵੀਜ਼ਨਲ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨਾਂ ਵੱਲੋਂ ਦੋਨੋਂ ਹਸਪਤਾਲਾਂ ਦੇ ਵੱਖ-ਵੱਖ ਵਾਰਡਾਂ ਵੱਖ-ਵੱਖ ਓ.ਪੀ.ਡੀ. ਬਲਾਕਾਂ ਦਾ ਦੌਰਾ ਕੀਤਾ ਗਿਆ ਅਤੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੁਵਿਧਾਵਾਂ ਦਾ ਜਾਇਜ਼ਾ ਲਿਆ ਗਿਆ। ਉਨਾਂ ਨੇ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਨਾਲ ਗੱਲਬਾਤ ਕਰਕੇ ਉਨਾਂ ਦਾ ਹਾਲ ਚਾਲ ਵੀ ਜਾਣਿਆ। ਉਨਾਂ ਸੰਬੰਧਿਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਹਸਪਤਾਲਾਂ ਦੇ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਹਸਪਤਾਲ ਵਿੱਚ ਉਪਲੱਬਧ ਇਲਾਜ ਸਬੰਧੀ ਕਿਸੇ ਵੀ ਕਿਸਮ ਕੋਈ ਵੀ ਦਿੱਕਤ ਨਾ ਆਉਣ ਦਿੱਤੀ ਜਾਵੇ। ਡਿਊਟੀ ਰੋਸਟਰ ਮੁਤਾਬਿਕ ਹੀ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਡਿਊਟੀਆਂ ਕੀਤੀਆਂ ਜਾਣ। ਸਿਵਲ ਸਰਜਨ ਡਾ. ਤਰਸੇਮ ਸਿੰਘ ਨੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਿਹਤ ਸਕੀਮਾਂ ਜਿਵੇਂ ਕਿ ਜੇ.ਐਸ.ਐਸ. ਕੇ., ਜੇ.ਐਸ.ਵਾਈ, ਆਰ.ਬੀ.ਐਸ.ਕੇ., ਟੀ.ਬੀ.ਪ੍ਰੋਗਰਾਮ, ਕੁਸ਼ਟ ਨਿਵਾਰਨ ਪ੍ਰੋਗਰਾਮ ਦੀ ਕਾਰਗੁਜ਼ਾਰੀ ਸਬੰਧੀ ਸਮੀਖਿਆ ਕੀਤੀ ਗਈ। ਅਧਿਕਾਰੀਆਂ ਨੂੰ ਨਿਰਧਾਰਿਤ ਟੀਚਿਆਂ ਅਨੁਸਾਰ ਪ੍ਰਾਪਤੀਆਂ ਕਰਨੀਆਂ ਸੁਨਿਸ਼ਚਿਤ ਕਰਨ ਦੀ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ। ਇਸ ਮੌਕੇ ਐਸ.ਐਮ.ਓ. ਭਰਤਗੜ੍ਹ ਡਾਕਟਰ ਅਨੰਦ ਘਈ, ਸਟੈਨੋ ਹਰਜਿੰਦਰ ਸਿੰਘ, ਸਬ ਡਵੀਜ਼ਨਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਅਤੇ ਸਬ ਡਵੀਜ਼ਨਲ ਹਸਪਤਾਲ ਨੰਗਲ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।