ਸ੍ਰੀ ਫ਼ਤਹਿਗੜ੍ਹ ਸਾਹਿਬ /6 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਡਾਇਰੈਕਟਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹੇ ਅੰਦਰ 25 ਅਗਸਤ ਤੋਂ 8 ਸਤੰਬਰ ਤੱਕ "ਕੌਮੀ ਅੱਖ ਦਾਨ ਪੰਦਰਵਾੜਾ" ਮਨਾਇਆ ਜਾ ਰਿਹਾ ਹੈ । ਇਸ ਪੰਦਰਵਾੜੇ ਤਹਿਤ ਆਮ ਲੋਕਾਂ ਨੂੰ ਅੱਖਾਂ ਦਾਨ ਕਰਨ ਸਬੰਧੀ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਅੱਖਾਂ ਦੀਆਂ ਆਮ ਬਿਮਾਰੀਆਂ ਦਾ ਮੁਫਤ ਇਲਾਜ ਕੀਤਾ ਜਾ ਰਿਹਾ ਹੈ। ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਕੇ.ਡੀ ਸਿੰਘ ਦੀ ਅਗਵਾਈ ਹੇਠ ਜ਼ਿਲਾ ਹਸਪਤਾਲ ਵਿਖੇ 12 ਮਰੀਜ਼ਾਂ ਦੇ ਚਿੱਟੇ ਮੋਤੀਏ ਦੇ ਮੁਫਤ ਅਪ੍ਰੇਸ਼ਨ ਕੀਤੇ ਗਏ।ਇਹ ਆਪਰੇਸ਼ਨ ਅੱਖਾਂ ਦੇ ਮਾਹਰ ਡਾ. ਜਸਪ੍ਰੀਤ ਸਿੰਘ ਬੇਦੀ ਅਤੇ ਉਹਨਾਂ ਦੀ ਸਹਾਇਕ ਟੀਮ ਵੱਲੋਂ ਕੀਤੇ ਗਏ। ਆਪਰੇਸ਼ਨ ਕਰਵਾਉਣ ਵਾਲੇ ਮਰੀਜ਼ਾਂ ਦਾ ਡਾ. ਦਵਿੰਦਰਜੀਤ ਕੌਰ ਨੇ ਹਾਲ-ਚਾਲ ਪੁੱਛਿਆ ਅਤੇ ਅੱਖਾਂ ਦੀ ਸਾਂਭ ਸੰਭਾਲ ਸਬੰਧੀ ਉਹਨਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਪੱਟੀ ਖੋਲਣ ਤੋਂ ਬਾਅਦ ਅੱਖਾਂ ਨੂੰ ਤੇਜ਼ ਧੁੱਪ, ਤੇਜ਼ ਰੋਸ਼ਨੀ, ਧੂੜ ਆਦਿ ਤੋਂ ਬਚਾਉਣ ਲਈ ਕਾਲੀਆਂ ਐਨਕਾਂ ਦੀ ਵਰਤੋਂ ਕੀਤੀ ਜਾਵੇ, ਅੱਖਾਂ ਵਿੱਚ ਦਵਾਈ ਪਾਉਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰਾਂ ਸਾਬਣ ਪਾਣੀ ਨਾਲ ਧੋ ਲਿਆ ਜਾਵੇ ਅਤੇ ਅੱਖਾਂ ਵਿੱਚ ਪਾਉਣ ਵਾਲੀ ਦਵਾਈ ਅਤੇ ਖਾਣ ਵਾਲੀ ਦਵਾਈ ਸਮੇਂ ਸਿਰ ਵਰਤੀ ਜਾਵੇ। ਇਸ ਮੌਕੇ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਰਿਤਾ, ਨਰਸਿੰਗ ਸਿਸਟਰ ਪਰਮਿੰਦਰ ਕੌਰ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ ਅਤੇ ਜਸਵਿੰਦਰ ਕੌਰ ਆਦਿ ਹਾਜ਼ਰ ਸਨ।