ਸ੍ਰੀ ਫ਼ਤਹਿਗੜ੍ਹ ਸਾਹਿਬ/7 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਵੀਡੀਓ ਜਿਸ ਵਿੱਚ ਸਰਹਿੰਦ-ਚੁੰਨੀ ਮਾਰਗ 'ਤੇ ਸਥਿਤ ਪਿੰਡ ਪੀਰਜੈਨ ਵਿਖੇ ਸ਼ੇਰ ਘੁੰਮਦਾ ਹੋਣ ਬਾਰੇ ਦੱਸਿਆ ਗਿਆ ਸੀ ਪੁਲਿਸ ਦੀ ਜਾਂਚ ਦੌਰਾਨ ਗਲਤ ਸਾਬਤ ਹੋਈ।ਜ਼ਿਕਰਯੋਗ ਹੈ ਕਿ ਅੱਜ ਸਵੇਰੇ ਦਿਨ ਚੜ੍ਹਦੇ ਸਾਰ ਹੀ ਇਲਾਕੇ ਦੇ ਵਟਸਐਪ ਗਰੁੱਪਾਂ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਜਿਸ ਵਿੱਚ ਪਿੰਡ ਪੀਰਜੈਨ ਦੇ ਪੈਟਰੌਲ ਪੰਪ 'ਤੇ ਇੱਕ ਸ਼ੇਰ ਘੁੰਮਦਾ ਹੋਣ ਬਾਰੇ ਦੱਸਿਆ ਗਿਆ ਸੀ।ਇਸ ਵੀਡੀਓ ਦੇ ਵਾਇਰਲ ਹੁੰਦੇ ਸਾਰ ਹੀ ਇਲਾਕੇ ਦੋ ਲੋਕਾਂ 'ਚ ਸਹਿਮ ਦਾ ਮਾਹੌਲ ਬਣ ਗਿਆ ਤੇ ਪਿੰਡ ਪੀਰਜੈਨ,ਪਿੰਡ ਕੋਟਲਾ ਫਾਜ਼ਲ ਅਤੇ ਹੋਰ ਆਲੇ-ਦੁਆਲੇ ਦੇ ਪਿੰਡਾਂ ਦੇ ਧਾਰਮਿਕ ਸਥਾਨਾਂ ਦੇ ਲਾਊਡ ਸਪੀਕਰਾਂ ਰਾਹੀਂ ਅਨਾਊਂਸਮੈਂਟਾਂ ਹੋਣ ਲੱਗ ਪਈਆਂ ਕਿ ਇਲਾਕੇ ਵਿੱਚ ਸ਼ੇਰ ਘੁੰਮਦਾ ਹੋਣ ਦੀ ਸੂਚਨਾ ਮਿਲੀ ਹੈ ਜਿਸ ਤੋਂ ਬਚਣ ਲਈ ਨਗਰ ਵਾਸੀ ਸੁਚੇਤ ਰਹਿਣ ਤੇ ਆਪਣੇ ਬੱਚਿਆਂ ਦਾ ਅਤੇ ਬਾਹਰ ਬੰਨ੍ਹੇ ਪਸ਼ੂਆਂ ਦਾ ਖਾਸ ਧਿਆਨ ਰੱਖਣ।ਐਸ.ਐਚ.ਓ. ਥਾਣਾ ਬਡਾਲੀ ਆਲਾ ਸਿੰਘ ਇੰਸਪੈਕਟਰ ਅਮਰਦੀਪ ਸਿੰਘ ਨੇ ਦੱਸਿਆ ਅੱਜ ਸਵੇਰੇ ਜਦੋਂ ਉਨਾਂ ਨੂੰ ਪਿੰਡ ਪੀਰਜੈਨ ਵਿਖੇ ਸ਼ੇਰ ਘੁੰਮਦਾ ਹੋਣ ਬਾਰੇ ਸੂਚਨਾ ਮਿਲੀ ਸੀ ਤਾਂ ਉਨਾਂ ਨੇ ਤੁਰੰਤ ਪਿੰਡ ਪੀਰਜੈਨ ਵਿਖੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਿਸ ਦੌਰਾਨ ਵਾਇਰਲ ਕੀਤੀ ਜਾ ਰਹੀ ਉਕਤ ਵੀਡੀਓ ਗਲਤ ਪਾਈ ਗਈ।ਐਸ.ਐਚ.ਓ. ਅਮਰਦੀਪ ਸਿੰਘ ਨੇ ਦੱਸਿਆ ਕਿ ਉਕਤ ਪੈਟਰੌਲ ਪੰਪ ਦੇ ਸਟਾਫ ਅਤੇ ਮਾਲਕ ਤੋਂ ਵੀ ਪੁੱਛ ਪੜਤਾਲ ਕੀਤੀ ਗਈ ਜਿਹਨਾਂ ਦੱਸਿਆ ਕਿ ਨਾਇਰਾ ਕੰਪਨੀ ਦੇ ਪੈਟਰੌਲ ਪੰਪਾਂ ਦੀ ਬਾਹਰੀ ਦਿੱਖ ਇੱਕੋ ਜਿਹੀ ਹੁੰਦੀ ਹੈ ਜਿਸ ਦਾ ਫਾਇਦਾ ਚੁੱਕਦੇ ਹੋਏ ਕਿਸੇ ਸ਼ਰਾਰਤੀ ਅਨਸਰ ਨੇ ਕਿਸੇ ਹੋਰ ਜਗ੍ਹਾ ਦੀ ਵੀਡੀਓ ਥੱਲੇ ਪੀਰਜੈਨ ਪੈਟਰੌਲ ਪੰਪ ਲਿਖ ਕੇ ਪੋਸਟ ਕਰ ਦਿੱਤੀ ਜਿਸ ਨਾਲ ਇਲਾਕਾ ਵਾਸੀਆਂ 'ਚ ਡਰ ਦਾ ਮਾਹੌਲ ਪੈਦਾ ਹੋ ਗਿਆ।ਇੰਸਪੈਕਟਰ ਅਮਰਦੀਪ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਵਿਊ ਬਟੋਰਨ ਲਈ ਜਿਹੜੇ ਵਿਅਕਤੀ ਅਜਿਹੀਆਂ ਫੇਕ ਪੋਸਟਾਂ ਪਾ ਕੇ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ ਕਰ ਰਹੇ ਹਨ ਉਨਾਂ ਵਿਰੁੱਧ ਸਖਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।