ਤਰਲੋਚਨ ਸਿੰਘ ਸ੍ਰੀ ਅਨੰਦਪੁਰ ਸਾਹਿਬ 7 ਸਤੰਬਰ
ਪੰਥ ਦੀ ਸਿਰਮੋਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤ ਦਿਵਸ ਅਤੇ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਛਤਰ ਛਾਇਆ ਹੇਠ, ਪੰਜ ਪਿਆਰੇ ਸਾਹਿਬਾਨ ਦੀ ਅਗਵਾਈ 'ਚ, ਸ਼੍ਰੌਮਣੀ ਪੰਥ ਅਕਾਲੀ ਬੁੱਢਾ ਦਲ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਖਾਲਸਾ ਪੰਥ ਦੇ ਪ੍ਰਗਟ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਗੋਇੰਦਵਾਲ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਕੀਤੀ ਗਈ ਉਪਰੰਤ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਦੀ ਗੂੰਜ ਨਾਲ ਗੋਇੰਦਵਾਲ ਸਾਹਿਬ ਲਈ ਰਵਾਨਾ ਹੋ ਗਿਆ। ਇਸ ਮੌਕੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਭਾਈ ਅਮਰਜੀਤ ਸਿੰਘ ਚਾਵਲਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਵਡਭਾਗੇ ਹਾਂ ਜਿਨ੍ਹਾਂ ਨੂੰ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤ ਦਿਵਸ ਅਤੇ ਸੋਢੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮ ਦਾਸ ਜੀ ਦੇ 450 ਸਾਲਾ ਗੁਰਤਾ ਗੱਦੀ ਦਿਵਸ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਜਿਸ ਨੂੰ ਸਮਰਪਿਤ ਹੋ ਕੇ ਸ਼੍ਰੌਮਣੀ ਕਮੇਟੀ ਵੱਲੋਂ ਅੱਜ ਸ੍ਰੀ ਅਨੰਦਪੁਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਤਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਜਿਸ 'ਚ 50 ਤੋਂ ਵਧ ਬੱਸਾ ਅਤੇ ਵੱਡੀ ਗਿਣਤੀ ਵਿਚ ਕਾਰਾਂ ਅਤੇ ਜੀਪਾਂ ਸ਼ਾਮਿਲ ਹਨ।ਉਕਤ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਤੋ ਚੱਲ ਕੇ ਗੜ੍ਹਸ਼ੰਕਰ, ਬੰਗਾ, ਫਗਵਾੜਾ, ਜਲੰਧਰ, ਕਰਤਾਰਪੁਰ ਅਤੇ ਕਪੂਰਥਲਾ ਹੁੰਦਾ ਹੋਇਆ ਸ੍ਰੀ ਗੋਇੰਦਵਾਲ ਸਾਹਿਬ ਪੁੱਜੇਗਾ।ਇਸ ਮੌਕੇ ਸਥਾਨਕ ਖਾਲਸਾ ਸਕੂਲ ਦੀ ਬੈਂਡ ਪਾਰਟੀ ਵੱਲੋਂ ਮਧੁਰ ਧੁਨਾਂ ਬਜਾਈਆਂ ਜਾ ਰਹੀਆਂ ਸਨ ਉੱਥੇ ਹੀ ਨਿਹੰਗ ਸਿੰਘਾਂ ਵੱਲੋਂ ਗੱਤਕੇ ਦੇ ਜੋਹਰ ਦਿਖਾਏ ਜਾ ਰਹੇ ਸਨ। ਇਸ ਮੌਕੇ ਗਿਆਨੀ ਜੋਗਿੰਦਰ ਸਿੰਘ ਮੁੱਖ ਗ੍ਰੰਥੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਮਲਕੀਤ ਸਿੰਘ ਮੈਨੇਜਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਐਡਵੋਕੇਟ ਹਰਦੇਵ ਸਿੰਘ ਐਡੀਸ਼ਨਲ ਮੈਨੇਜਰ, ਕਰਮਜੀਤ ਸਿੰਘ ਮੀਤ ਮੈਨੇਜਰ, ਮੈਨੇਜਰ ਅਮਰਜੀਤ ਸਿੰਘ, ਹਰਪ੍ਰੀਤ ਸਿੰਘ ਸੂਚਨਾ ਅਫਸਰ, ਪ੍ਰਚਾਰਕ ਭਾਈ ਸਰਬਜੀਤ ਸਿੰਘ, ਜਥੇਦਾਰ ਬਾਬਾ ਮੇਜਰ ਸਿੰਘ ਸੋਢੀ,ਬਾਬਾ ਮਲੂਕ ਸਿੰਘ ਲਾਡੀ, ਜਥੇਦਾਰ ਰਾਮ ਸਿੰਘ, ਜਥੇਦਾਰ ਸੁਰਿੰਦਰ ਸਿੰਘ ਮਟੌਰ, ਅਕਾਲੀ ਆਗੂ ਹਰਦੇਵ ਸਿੰਘ ਦੇਬੀ, ਮਾਸਟਰ ਹਰਮਨਪ੍ਰੀਤ ਸਿੰਘ, ਸਤਨਾਮ ਸਿੰਘ ਝੱਜ, ਬੀਬੀ ਕੁਲਵਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਇਸਤਰੀ ਅਕਾਲੀ ਦਲ, ਬੀਬੀ ਸੁਰਿੰਦਰ ਪਾਲ ਕੌਰ, ਬੀਬੀ ਤਜਿੰਦਰ ਕੌਰ, ਬੀਬੀ ਮਨਜੀਤ ਕੌਰ, ਬੀਬੀ ਜਸਵਿੰਦਰ ਕੌਰ ਆਦਿਕ ਹ?ਾਜਰ ਸਨ।