ਸ੍ਰੀ ਫ਼ਤਹਿਗੜ੍ਹ ਸਾਹਿਬ/9 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਮੁੱਖ ਮੰਤਰੀ ਭਗਵ਼ੰਤ ਸਿੰਘ ਮਾਨ ਵੱਲੋਂ "ਖੇਡਾਂ ਵਤਨ ਪੰਜਾਬ ਦੀਆਂ" ਸ਼ੁਰੂ ਕਰਵਾਉਣ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਮੁੜ ਖੇਡਾਂ ਨਾਲ ਜੋੜਨਾਂ ਅਤੇ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨਾ ਹੈ ਅਤੇ ਮੁੱਖ ਮੰਤਰੀ ਦੇ ਇਸ ਉਪਰਾਲੇ ਨੂੰ ਸੂਬੇ ਦੇ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਅੱਜ ਸਾਡੇ ਵੱਡੀ ਗਿਣਤੀ ਖਿਡਾਰੀ ਦੇਸ਼ ਦੁਨੀਆਂ ਦੇ ਕੋਨੇ-ਕੋਨੇ ਵਿੱਚ ਆਪਣੀ ਖੇਡ ਪ੍ਰਤਿਭਾ ਦੇ ਜੌਹਰ ਵਿਖਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਸੀ ਪਠਾਣਾਂ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ "ਖੇਡਾਂ ਵਤਨ ਪੰਜਾਬ ਦੀਆਂ" ਦੇ ਤੀਜੇ ਸੀਜ਼ਨ ਅਧੀਨ ਖੇਡ ਸਟੇਡੀਅਮ, ਉੱਚਾ ਜਟਾਣਾ, ਵਿਖੇ ਬਲਾਕ ਖਮਾਣੋਂ ਦੀਆਂ ਖੇਡਾਂ ਵਿੱਚ ਖਿਡਾਰੀਆਂ ਦੀ ਹੌਸ਼ਲਾ ਅਫਜ਼ਾਈ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ ਆਧੁਨਿਕ ਸਾਜੋ ਸਮਾਨ ਤੇ ਟਰੇਨਿੰਗ ਲਈ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਹੁਣ ਪੰਜਾਬ ਦੇ ਖਿਡਾਰੀਆਂ ਨੂੰ ਜਿਥੇ ਖੇਡਣ ਲਈ ਬਿਹਤਰ ਮਾਹੌਲ ਮੁਹੱਈਆ ਹੋ ਰਿਹਾ ਹੈ, ਉਥੇ ਹੀ ਖੇਡਾਂ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੇ ਖਿਡਾਰੀਆਂ ਨੂੰ ਨਗਦ ਇਨਾਮੀ ਰਾਸ਼ੀ ਅਤੇ ਸਰਕਾਰੀ ਨੌਕਰੀਆਂ ਦੇ ਕੇ ਵੱਡੀ ਰਾਹਤ ਦਿੱਤੀ ਜਾ ਰਹੀ ਹੈ।ਹਲਕਾ ਵਿਧਾਇਕ ਨੇ ਖਿਡਾਰੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਹਰੇਕ ਪੱਖੋਂ ਖਿਡਾਰੀਆਂ ਦੇ ਨਾਲ ਖੜੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਖਿਡਾਰੀਆਂ ਨੂੰ ਲੋੜੀਂਦੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਤਾਂ ਜੋ ਸਾਡੇ ਖਿਡਾਰੀ ਪੰਜਾਬ ਨੂੰ ਹੱਸਦਾ, ਵੱਸਦਾ ਤੇ ਰੰਗਲਾ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਸਕਣ। ਉਨ੍ਹਾਂ ਕਿਹਾ ਕਿ ਅੱਜ ਸੂਬੇ ਅੰਦਰ ਜਿਸ ਤਰ੍ਹਾਂ ਨਾਲ ਖੇਡਾਂ ਲਈ ਢੁਕਵਾਂ ਮਾਹੌਲ ਕਾਇਮ ਕੀਤਾ ਗਿਆ ਹੈ, ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਖੇਡਾਂ ਨਾਲ ਜੁੜ ਕੇ ਆਪਣਾ ਅਤੇ ਆਪਣੇ ਸੂਬੇ ਦਾ ਨਾਮ ਖੇਡਾਂ ਦੇ ਖੇਤਰ ਵਿੱਚ ਰੌਸ਼ਨ ਕਰਨ ਲਈ ਅੱਗੇ ਆਉਣ। ਜ਼ਿਲ੍ਹਾ ਖੇਡ ਅਫਸਰ ਗੁਰਦੀਪ ਕੌਰ ਨੇ ਖੇਡਾਂ ਦੇ ਨਤੀਜਿਆਂ ਬਾਰੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਦੇ ਖੇਡ ਮੁਕਾਬਲਿਆਂ ਵਿੱਚ ਲੜਕਿਆਂ ਦੀ 17 ਸਾਲ ਉਮਰ ਵਰਗ ਦੇ 400 ਮੀਟਰ ਦੌੜ ਮੁਕਾਬਲੇ ਵਿੱਚ ਪ੍ਰਦੀਪ ਸਿੰਘ ਪਹਿਲੇ ਤੇ ਜੈਵੀਰ ਸਿੰਘ ਦੂਜੇ ਸਥਾਨ ਤੇ ਰਹੇ। ਜਦੋਂ ਕਿ ਇਸੇ ਉਮਰ ਵਰਗ ਦੇ 1500 ਮੀਟਰ ਦੀ ਦੌੜ ਦੇ ਮੁਕਾਬਲੇ ਵਿੱਚ ਪ੍ਰਦੀਪ ਸਿੰਘ ਪਹਿਲੇ, ਲਵਦੀਪ ਸਿੰਘ ਦੂਜੇ ਤੇ ਦਿਲਸ਼ਾਨ ਸਿੰਘ ਤੀਜੇ ਸਥਾਨ ਤੇ ਰਹੇ। ਲੜਕੀਆਂ ਦੇ 17 ਸਾਲ ਉਮਰ ਵਰਗ ਦੇ 100 ਮੀਟਰ ਦੌੜ ਵਿੱਚ ਖੁਸ਼ਪ੍ਰੀਤ ਕੌਰ ਪਹਿਲੇ 'ਤੇ ਸ਼ਰਨਜੀਤ ਕੌਰ ਦੂਜੇ ਸਥਾਨ 'ਤੇ ਰਹੀ ਜਦੋਂ ਕਿ 400 ਮੀਟਰ ਦੌੜ ਦੇ ਮੁਕਾਬਲੇ ਵਿੱਚ ਹਸਨਪ੍ਰੀਤ ਕੌਰ ਪਹਿਲੇ ਤੇ ਖੁਸ਼ਪ੍ਰੀਤ ਕੌਰ ਦੂਜੇ ਸਥਾਨ 'ਤੇ ਰਹੀ। ਲੜਕਿਆਂ ਦੇ 21 ਸਾਲ ਉਮਰ ਵਰਗ ਦੇ 100 ਮੀਟਰ ਦੌੜ ਵਿੱਚ ਕਰਨ ਕੁਮਾਰ ਪਹਿਲੇ, ਹਰਪ੍ਰਕਾਸ਼ ਸਿੰਘ ਦੂਜੇ ਤੇ ਸਤਿੰਦਰ ਸਿੰਘ ਤੀਜੇ ਸਥਾਨ 'ਤੇ ਰਹੇ।ਇਸੇ ਦੌਰਾਨ ਨੋਡਲ ਅਫ਼ਸਰ "ਖੇਡਾਂ ਵਤਨ ਪੰਜਾਬ ਦੀਆਂ" ਤੇ ਸੀਨੀਅਰ ਬਾਸਕਟਬਾਲ ਕੋਚ ਰਾਹੁਲਦੀਪ ਸਿੰਘ ਨੇ ਦੱਸਿਆ ਕਿ ਪੁਰਸ਼ਾਂ ਦੇ 41 ਤੋਂ 50 ਸਾਲ ਉਮਰ ਵਰਗ ਦੇ 400 ਮੀਟਰ ਦੌੜ ਮੁਕਾਬਲੇ ਵਿੱਚ ਹਰਦੀਪ ਸਿੰਘ ਪਹਿਲੇ ਤੇ ਪਰਗਟ ਸਿੰਘ ਦੂਜੇ ਸਥਾਨ 'ਤੇ ਰਹੇ। ਲੜਕਿਆਂ ਦੇ 14 ਸਾਲ ਉਮਰ ਵਰਗ ਦੇ ਫੁਟਬਾਲ ਮੁਕਾਬਲੇ ਵਿੱਚ ਸ਼੍ਰੀ ਗੁਰੂ ਅਮਰਦਾਸ ਸਕੂਲ ਭਾਮੀਆਂ ਦੀ ਟੀਮ ਨੇ ਅਕਾਲ ਅਕੈਡਮੀ ਖਮਾਣੋਂ ਦੀ ਟੀਮ ਨੂੰ 5-4 ਦੇ ਫਰਕ ਨਾਲ ਹਰਾਇਆ।ਲੜਕਿਆਂ ਦੇ 14 ਸਾਲ ਉਮਰ ਵਰਗ ਦੇ ਫੁਟਬਾਲ ਮੁਕਾਬਲੇ ਵਿੱਚ ਪਿੰਡ ਰਿਆ ਦੀ ਟੀਮ ਨੇ ਉਮਾ ਰਾਣਾ ਪਬਲਿਕ ਸਕੂਲ ਸੰਘੋਲ ਦੀ ਟੀਮ ਨੂੰ 4-0 ਦੇ ਫਰਕ ਨਾਲ ਹਰਾਇਆ। ਜਦੋਂ ਕਿ ਲੜਕੀਆਂ ਦੇ 17 ਸਾਲ ਉਮਰ ਵਰਗ ਦੇ ਫੁਟਬਾਲ ਮੁਕਾਬਲੇ ਵਿੱਚ ਉਮਾ ਰਾਣੀ ਪਬਲਿਕ ਸਕੂਲ ਸੰਘੋਲ ਦੀ ਟੀਮ ਮਾਲਵਾ ਯੁਵਕ ਕਲੱਬ ਜਟਾਣਾ ਉੱਚਾ ਦੀ ਟੀਮ ਨੂੰ 4-0 ਦੇ ਫਰਕ ਨਾਲ ਹਰਾ ਕੇ ਜੇਤੂ ਰਹੀ।ਲੜਕੀਆਂ ਦੇ 17 ਸਾਲ ਉਮਰ ਵਰਗ ਦੇ ਫੁਟਬਾਲ ਮੁਕਾਬਲੇ ਵਿੱਚ ਮਾਲਵਾ ਯੁਵਕ ਕਲੱਬ ਜਟਾਣਾ ਉੱਚਾ ਦੀ ਟੀਮ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੜੀ ਦੀ ਟੀਮ ਨੂੰ 1-0 ਦੇ ਫਰਕ ਨਾਲ ਹਰਾ ਕੇ ਜੇਤੂ ਰਹੀ। ਇਸੇ ਤਰ੍ਹਾਂ ਲੜਕਿਆਂ ਦੇ 17 ਸਾਲ ਉਮਰ ਵਰਗ ਦੇ ਫੁਟਬਾਲ ਮੁਕਾਬਲੇ ਵਿੱਚ ਖੇੜੀ ਨੋਧ ਸਿੰਘ ਦੀ ਟੀਮ ਸਰਕਾਰੀ ਹਾਈ ਸਕੂਲ ਸੰਘੋਲ ਦੀ ਟੀਮ ਨੂੰ 4-0 ਦੇ ਫਰਕ ਨਾਲ ਹਰਾ ਕੇ ਜੇਤੂ ਰਹੀ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ(ਸੈਕੰਡਰੀ) ਸੁਸ਼ੀਲ ਨਾਥ, ਸਿੱਖਿਆ ਵਿਭਾਗ ਦੇ ਡੀ.ਐਮ. ਖੇਡਾਂ ਜਸਵੀਰ ਸਿੰਘ, ਸਕੂਲ ਆਫ ਐਮੀਨੈਂਸ ਖਮਾਣੋਂ ਕਲਾਂ ਦੇ ਪ੍ਰਿੰਸੀਪਲ ਮਨੋਜ ਕੁਮਾਰ ਪੁਸ਼ਕਰਨਾ, ਪੀ.ਟੀ.ਆਈ. ਗੁਰਪ੍ਰੀਤ ਸਿੰਘ, ਲੈਕਚਰਾਰ ਰੂਪਪ੍ਰੀਤ ਕੌਰ, ਅਥਲੈਟਿਕਸ ਕੋਚ ਲਖਵੀਰ ਸਿੰਘ, ਹੈਂਡਬਾਲ ਕੋਚ ਕੁਲਵਿੰਦਰ ਸਿੰਘ, ਹਾਕੀ ਕੋਚ ਮਨੀਸ਼ ਕੁਮਾਰ, ਫੁਟਬਾਲ ਕੋਚ ਸੁਖਦੀਪ ਸਿੰਘ, ਜਿਮਨਾਸਟਿਕ ਕੋਚ ਮਨੋਜ ਕੁਮਾਰ, ਕੁਸ਼ਤੀ ਕੋਚ ਮਨਜੀਤ ਸਿੰਘ, ਵਾਲੀਬਾਲ ਕੋਚ ਯਾਦਵਿੰਦਰ ਸਿੰਘ, ਅਥਲੈਟਿਕਸ ਕੋਚ ਭੁਪਿੰਦਰ ਕੌਰ, ਖੋਹ-ਖੋਹ ਕੋਚ ਵੀਰਾਂ ਦੇਵੀ, ਮਨਦੀਪ ਸਿੰਘ, ਰੋਹਿਤ ਕੁਮਾਰ, ਨੋਡਲ ਅਫ਼ਸਰ ਸੱਭਿਆਚਾਰਕ ਗਤਿਵਿਧੀਆਂ ਰੂਪ ਪ੍ਰੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖਿਡਾਰੀ ਤੇ ਖੇਡ ਪ੍ਰੇਮੀ ਹਾਜ਼ਰ ਸਨ।