ਸ੍ਰੀ ਫ਼ਤਹਿਗੜ੍ਹ ਸਾਹਿਬ/10 ਸਤੰਬਰ
(ਰਵਿੰਦਰ ਸਿੰਘ ਢੀਂਡਸਾ)
ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ,ਡਾ. ਬਲਬੀਰ ਸਿੰਘ ਨੇ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ, ਸਿਵਲ ਸਰਜਨਾ ਅਤੇ ਐਸ.ਐਸ.ਪੀਜ਼ ਨਾਲ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਕੀਤੀ। ਮੀਟਿੰਗ ਵਿੱਚ ਉਹਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਅਧਿਕਾਰੀਆਂ/ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ । ਉਹਨਾਂ ਕਿਹਾ ਕਿ ਹਸਪਤਾਲਾਂ ਵਿੱਚ ਡਿਪਟੀ ਕਮਿਸ਼ਨਰਾਂ ਦੀ ਅਧੀਨਗੀ ਹੇਠ "ਹੋਸਪਿਟਲ ਸਿਕਿਉਰਟੀ ਐਂਡ ਵਾਇਲੈਂਸ ਪ੍ਰੋਟੈਕਸ਼ਨ ਕਮੇਟੀ" ਦਾ ਗਠਨ ਕੀਤਾ ਜਾਵੇ। ਉਹਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਕਰਮਚਾਰੀ ਨੂੰ ਗਾਲੀ ਗਲੋਚ ਕਰਦਾ ਹੈ, ਭੱਦੇ ਸ਼ਬਦ ਬੋਲਦਾ ਹੈ, ਉਸ ਉੱਪਰ ਹੱਥ ਚੁੱਕਦਾ ਹੈ, ਹੁੱਲੜਬਾਜੀ ਕਰਦਾ ਹੈ ਜਾਂ ਸਰਕਾਰੀ ਸਿਹਤ ਸੰਸਥਾ ਦੀ ਬਿਲਡਿੰਗ ਵਿੱਚ ਭੰਨ ਤੋੜ ਕਰਦਾ ਹੈ ਤਾਂ ਉਸ ਖਿਲਾਫ ਪੰਜਾਬ ਮੈਡੀਕਲ ਪ੍ਰੋਟੈਕਸ਼ਨ ਐਕਟ 2008 ਤਹਿਤ ਕੀਤੇ ਜਾਣ ਵਾਲੇ ਜੁਰਮਾਨੇ /ਸਜਾ ਆਦਿ ਨੂੰ ਦਰਸਾਉਂਦੇ ਬੋਰਡ ਡਿਸਪਲੇਅ ਕੀਤੇ ਜਾਣ। ਉਹਨਾਂ ਇਹ ਵੀ ਕਿਹਾ ਕਿ ਸਾਰੀਆਂ ਸਿਹਤ ਸੰਸਥਾਵਾਂ ਅੰਦਰ ਥਾਂ ਥਾਂ ਤੇ ਸੀਸੀਟੀਵੀ ਕੈਮਰੇ ਲਗਾਏ ਜਾਣ। ਹਸਪਤਾਲਾਂ ਦੇ ਸਮੂਹ ਸਟਾਫ ਮੈਂਬਰਾਂ ਨੂੰ ਆਈਡੀ ਕਾਰਡ ਇਸ਼ੂ ਕੀਤੇ ਜਾਣ। ਹਸਪਤਾਲਾਂ ਦੀ ਨਿਗਰਾਨੀ ਲਈ ਹੋਮਗਾਰਡ ਵੀ ਰੱਖੇ ਜਾਣ। ਉਹਨਾਂ ਇਹ ਵੀ ਕਿਹਾ ਕਿ ਐਮਰਜਂਸੀ ਹਾਲਾਤਾਂ 112 ਨੰਬਰ ਡਾਇਲ ਕੀਤਾ ਜਾ ਸਕਦਾ ਹੈ। ਮੀਟਿੰਗ ਦੌਰਾਨ ਸਿਹਤ ਮੰਤਰੀ ਵੱਲੋਂ ਵਾਟਰ ਬੌਰਨ ਅਤੇ ਵੈਕਟਰ ਬੌਰਨ ਬਿਮਾਰੀਆਂ ਸਬੰਧੀ ਰਿਵਿਊ ਕਰਨ ਮੌਕੇ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਨੇ ਮੰਤਰੀ ਨੂੰ ਜਿਲੇ ਦੀ ਸਥਿਤੀ ਬਾਰੇ ਜਾਣੂ ਕਰਵਾਇਆ। ਉਹਨਾਂ ਕਿਹਾ ਕਿ ਵਾਟਰ ਬੋਰਨ ਤੇ ਵੈਕਟਰ ਬੌਰਨ ਬਿਮਾਰੀਆਂ ਸਬੰਧੀ ਜਿਲ੍ਹੇ ਦੀ ਸਥਿਤੀ ਕਾਬੂ ਹੇਠ ਹੈ।ਇਸ ਮੌਕੇ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਰਿਤਾ ,ਸੀਨੀਅਰ ਮੈਡੀਕਲ ਅਫਸਰ ਡਾ. ਕੇਡੀ ਸਿੰਘ, ਸਕੂਲ ਹੈਲਥ ਮੈਡੀਕਲ ਅਫਸਰ ਡਾ. ਨਵਨੀਤ ਕੌਰ ,ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਜਸਵਿੰਦਰ ਕੌਰ ਅਤੇ ਗਗਨ ਥੰਮਣ ਵੀ ਹਾਜ਼ਰ ਸਨ।