ਨਵੀਂ ਦਿੱਲੀ/ਸ੍ਰੀਨਗਰ, 10 ਸਤੰਬਰ
ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਮੰਗਲਵਾਰ ਨੂੰ ਲੋਕ ਸਭਾ ਮੈਂਬਰ ਇੰਜੀਨੀਅਰ ਰਸ਼ੀਦ ਨੂੰ 2 ਅਕਤੂਬਰ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ।
ਇੰਜਨੀਅਰ ਰਸ਼ੀਦ ਨੇ ਪਟਿਆਲਾ ਹਾਊਸ ਕੋਰਟ ਵਿੱਚ ਜ਼ਮਾਨਤ ਦੀ ਮੰਗ ਲਈ ਇੱਕ ਵਿਸ਼ੇਸ਼ ਅਰਜ਼ੀ ਦਾਇਰ ਕੀਤੀ ਸੀ, ਤਾਂ ਜੋ ਉਹ ਜੰਮੂ-ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੀ ਪਾਰਟੀ, ਅਵਾਮੀ ਇਤਿਹਾਦ ਪਾਰਟੀ (ਏਆਈਪੀ) ਦੇ ਉਮੀਦਵਾਰਾਂ ਲਈ ਪ੍ਰਚਾਰ ਕਰ ਸਕੇ।
ਐਡੀਸ਼ਨਲ ਸੈਸ਼ਨ ਜੱਜ ਚੰਦਰ ਜੀਤ ਸਿੰਘ ਨੇ ਇੰਜੀਨੀਅਰ ਰਸ਼ੀਦ ਨੂੰ ਅੰਤਰਿਮ ਜ਼ਮਾਨਤ ਦਿੰਦੇ ਹੋਏ ਕਿਹਾ ਕਿ ਮੈਂ ਉਸ ਨੂੰ 2 ਅਕਤੂਬਰ ਤੱਕ ਜ਼ਮਾਨਤ ਦੇ ਰਿਹਾ ਹਾਂ, ਉਸ ਨੂੰ 3 ਅਕਤੂਬਰ ਨੂੰ ਆਤਮ ਸਮਰਪਣ ਕਰਨਾ ਹੋਵੇਗਾ।
ਅਦਾਲਤ ਨੇ NIA ਨੂੰ ਇੰਜੀਨੀਅਰ ਰਸ਼ੀਦ ਦੀ ਜ਼ਮਾਨਤ ਪਟੀਸ਼ਨ 'ਤੇ ਇਤਰਾਜ਼ ਦਰਜ ਕਰਨ ਲਈ ਕਿਹਾ ਸੀ। ਐਨਆਈਏ ਵੱਲੋਂ ਇਤਰਾਜ਼ ਦਾਇਰ ਕਰਨ ਤੋਂ ਬਾਅਦ, ਜੱਜ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਜੋ ਉਸਨੇ ਮੰਗਲਵਾਰ ਨੂੰ ਸੁਣਾਇਆ।
ਅਬਦੁਲ ਰਾਸ਼ਿਦ ਸ਼ੇਖ ਉਰਫ਼ ਇੰਜੀਨੀਅਰ ਰਸ਼ੀਦ, ਜਿਸ ਨੂੰ 2019 ਵਿੱਚ ਐਨਆਈਏ ਨੇ ਇੱਕ ਅੱਤਵਾਦੀ ਫੰਡਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ, ਤਿਹਾੜ ਜੇਲ੍ਹ ਵਿੱਚ ਬੰਦ ਹੈ।
ਇੰਜਨੀਅਰ ਰਸ਼ੀਦ ਨੇ ਜੇਲ੍ਹ ਤੋਂ ਲੋਕ ਸਭਾ ਚੋਣ ਲੜੀ ਸੀ ਅਤੇ ਉਨ੍ਹਾਂ ਦੇ ਪੁੱਤਰ ਅਤੇ ਸਮਰਥਕਾਂ ਨੇ ਬਾਰਾਮੂਲਾ ਲੋਕ ਸਭਾ ਹਲਕੇ ਵਿੱਚ ਉਨ੍ਹਾਂ ਲਈ ਚੋਣ ਪ੍ਰਚਾਰ ਕੀਤਾ ਸੀ।
ਉਸਨੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ (ਐਨਸੀ) ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੂੰ 2.05 ਲੱਖ ਵੋਟਾਂ ਦੇ ਫਰਕ ਨਾਲ ਹਰਾਇਆ। ਪੀਪਲਜ਼ ਕਾਨਫਰੰਸ (ਪੀਸੀ) ਦੇ ਪ੍ਰਧਾਨ, ਸਜਾਦ ਗਨੀ ਲੋਨ ਬਾਰਾਮੂਲਾ ਲੋਕ ਸਭਾ ਚੋਣਾਂ ਵਿੱਚ ਤੀਜੇ ਸਥਾਨ 'ਤੇ ਰਹੇ।
ਇਸ ਤੋਂ ਪਹਿਲਾਂ ਇੰਜੀਨੀਅਰ ਰਸ਼ੀਦ ਨੂੰ ਪੈਰੋਲ ਦਿੱਤੀ ਗਈ ਸੀ ਤਾਂ ਜੋ ਉਹ ਲੋਕ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕ ਸਕਣ।
ਉਸਨੇ ਜੰਮੂ-ਕਸ਼ਮੀਰ ਵਿਧਾਨ ਸਭਾ ਵਿੱਚ ਦੋ ਵਾਰ ਕੁਪਵਾੜਾ ਜ਼ਿਲ੍ਹੇ ਦੇ ਲੰਗੇਟ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕੀਤੀ।