ਵਿਕਾਸ ਕੁਮਾਰ
ਅੰਮ੍ਰਿਤਸਰ, 11 ਸਤੰਬਰ:
ਪੰਜਾਬ ਸਰਕਾਰ ਦੇ ਦਿਸ਼ਾਨਿਰਦੇਸ਼ ਜਾਰੀ ਮੁਹਿੰਮ ਦੇ ਤਹਿਤ ਸਿਹਤ ਵਿਭਾਗ ਦੀਆ ਟੀਮਾਂ ਵਲੋ ਮਿਲਾਵਟੀ ਖਾਦ ਪਦਾਰਥ ਵੇਚਣ ਵਾਲੀਆਂ ਦੁਕਾਨਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸੇ ਮੁਹਿੰਮ ਦੇ ਤਹਿਤ ਮਾਣਯੋਗ ਕਮਿਸ਼ਨਰ ( ਫੂਡ) ਤੇ ਡਰੱਗ ਐਡਮਿਨਿਸਟਰੇਸ਼ਨ ਪੰਜਾਬ ਡਾ ਅਭਿਨਵ ਤਿ੍ਰਖਾ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਘਨਸ਼ਾਮ ਥੋਰੀ ਦੇ ਦਿਸ਼ਾਨਿਰਦੇਸ਼ ਸਹਾਇਕ ਫੂਡ ਕਮਿਸ਼ਨਰ ਅੰਮ੍ਰਿਤਸਰ ਰਾਜਿੰਦਰ ਪਾਲ ਸਿੰਘ ਅਤੇ ਉਹਨਾਂ ਦੀ ਟੀਮ ਵਲੋ ਅੰਮ੍ਰਿਤਸਰ ਸ਼ਹਿਰ ਦੇ ਕਈ ਇਲਾਕਿਆਂ ਵਿਚ ਛਾਪੇਮਾਰੀ ਕਰਦੇ ਹੋਏ ਕੁਲ 12 ਤਰ੍ਹਾਂ ਦੇ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾ ਦੇ ਸੈਂਪਲ ਲੈਕੇ ਉਸ ਨੂੰ ਜਾਂਚ ਲਈ ਚੰਡੀਗੜ੍ਹ ਲੈਬ ਭੇਜਿਆ ਗਿਆ ਹੈ। ਇਸ ਬਾਰੇ ਰਾਜਿੰਦਰ ਪਾਲ ਸਿੰਘ ਨੇ ਆਖਿਆ ਕਿ ਦੁੱਧ ਅਤੇ ਇਸ ਤੋਂ ਬਣ ਰਹੇ ਤੇ ਪਦਾਰਥਾਂ ਵਿਚ ਹੋ ਰਹੀ ਮਿਲਾਵਟ ਨੂੰ ਰੋਕਣ ਲਈ ਇਹ ਅਭਿਆਨ ਸ਼ੁਰੂ ਕੀਤਾ ਗਿਆ ਹੈ ਅਤੇ ਪਹਿਲਾ ਦੀ ਤਰ੍ਹਾਂ ਇਹ ਅਭਿਆਨ ਜਾਰੀ ਰਹੇਗਾ। ਉਹਨਾਂ ਆਖਿਆ ਕਿ ਦੁਕਾਨਦਾਰ ਆਪਣੇ ਗ੍ਰਾਹਕਾਂ ਨੂੰ ਸਾਫ ਸੁਥਰਾ ਅਤੇ ਬਿਨਾ ਮਿਲਾਵਟ ਤੋਂ ਹੀ ਤਿਆਰ ਕੀਤੇ ਪਦਾਰਥ ਹੀ ਵੇਚਣ ਅਤੇ ਜੇਕਰ ਕੋਈ ਵੀ ਵਿਕਰੇਤਾ ਸਰਕਾਰੀ ਅਤੇ ਸਿਹਤ ਵਿਭਾਗ ਦੇ ਨਿਯਮਾਂ ਦੇ ਉਲਟ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਆਖਿਆ ਕਿ ਅੱਜ ਜੌ ਵੀ ਸੈਂਪਲ ਜਾਂਚ ਲਈ ਲਿਤੇ ਗਏ ਹਨ ਉਹਨਾਂ ਦੀ ਰਿਪੋਰਟ ਆਣ ਤੋਂ ਬਾਅਦ ਦੁਕਾਨਦਾਰਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਛਾਪੇਮਾਰੀ ਦੌਰਾਨ ਫੂਡ ਸੇਫਟੀ ਅਧਿਕਾਰੀ ਮੈਡਮ ਕਮਲਦੀਪ ਕੌਰ, ਅਮਨਦੀਪ ਸਿੰਘ ਅਤੇ ਹੋਰ ਕਰਮਚਾਰੀ ਵੀ ਮੌਜੂਦ ਸਨ।