ਵੇਨੂੰ ਗੋਪਾਲ ਸ਼ਰਮਾ
ਮੰਡੀ ਅਹਿਮਦਗੜ੍ਹ, ਸਤੰਬਰ 11
ਇੱਥੋਂ ਦੇ ਕੁੱਝ ਵਾਤਾਵਰਣ ਪ੍ਰੇਮੀਆਂ ਨੇ ਸਰਕਾਰੀ ਹਸਪਤਾਲਾਂ ਦੇ ਵਾਰਡਾਂ ਵਿਖੇ ਸਜਾਵਟੀ ਬੂਟੇ ਲਗਾ ਕੇ ਸੁਖਾਵਾਂ ਮਹੌਲ ਪੈਦਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ।ਪ੍ਰੋਜੈਕਟ ਚੇਅਰਮੈਨ ਬਲਦੇਵ ਮੱਕੜ ਨੇ ਦੱਸਿਆ ਕਿ ਰੋਟਰੀ ਕਲੱਬ ਦੇ ਪ੍ਰਧਾਨ ਵੇਨੂੰ ਗੋਪਾਲ ਸ਼ਰਮਾ ਤੇ ਸਕੱਤਰ ਅਸ਼ੋਕ ਵਰਮਾ ਦੀ ਰਹਿਨੁਮਾਈ ਹੇਠ ਫਲਦਾਰ ਅਤੇ ਛਾਂਦਾਰ ਬੂਟੇ ਲਗਾਉਣ ਦੀ ਪਹਿਲਾਂ ਸ਼ੁਰੂ ਕੀਤੀ ਮੁਹਿੰਮ ਦੇ ਨਾਲ ਨਾਲ ਜਨਤੱਕ ਦਫ਼ਤਰਾਂ ਵਿਖੇ ਸਜਾਵਟੀ ਪੌਦੇ ਲਗਾਉਣੇ ਸ਼ੁਰੂ ਕੀਤੇ ਗਏ ਹਨ। ਸਥਾਨਕ ਸਰਕਾਰੀ ਹਸਪਤਾਲ ਦੇ ਵਾਰਡਾਂ ਵਿਖੇ ਇਮਾਰਤਾਂ ਅੰਦਰ ਲਗਾਉਣ ਵਾਲੇ ਬੂਟੇ ਲਗਾਉਣ ਤੋਂ ਬਾਅਦ ਅਸਿਸਟੈਂਟ ਗਵਰਨਰ ਇਲੈਕਟ ਸੁਰਿੰਦਰ ਪਾਲ ਸੋਫਤ ਨੇ ਦਲੀਲ ਦਿੱਤੀ ਕਿ ਇਸ ਨਾਲ ਇਮਾਰਤਾਂ ਦੇ ਅੰਦਰ ਸੁਖਾਵਾਂ ਮਹੌਲ ਪੈਦਾ ਹੋਣ ਦੇ ਨਾਲ ਨਾਲ ਆਕਸੀਜਨ ਦੀ ਮਾਤਰਾ ਵੀ ਵਧੇਗੀ। ਪ੍ਰਬੰਧਕਾਂ ਨੇ ਦਲੀਲ ਦਿੱਤੀ ਕਿ ਬੰਦ ਇਮਾਰਤਾਂ ਅੰਦਰ ਬਾਹਰ ਨਾਲੋਂ ਆਕਸੀਜਨ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਜਿਸ ਨੂੰ ਵੱਖ ਵੱਖ ਢੰਗਾਂ ਨਾਲ ਠੀਕ ਕੀਤਾ ਜਾ ਸਕਦਾ ਹੈ। ਐੱਸ ਐੱਮ ਓ ਡਾ ਜਯੋਤੀ ਹਿੰਦ ਨੇ ਕਿਹਾ ਕਿ ਉਕਤ ਪਹਿਲਕਦਮੀ ਨਾਲ ਜਿੱਥੇ ਮਰੀਜਾਂ ਅਤੇ ਉਨ੍ਹਾਂ ਦੇ ਸਹਾਇਕਾਂ ਅੰਦਰ ਪੌਜਿਟਿਵ ਭਾਵਨਾਵਾਂ ਪੈਦਾ ਹੁੰਦੀਆਂ ਹਨ ਉੱਥੇ ਡਾਕਟਰਾਂ ਤੇ ਬਾਕੀ ਅਮਲੇ ਦਾ ਤਣਾਓ ਵੀ ਘਟਦਾ ਹੈ।