ਸ੍ਰੀ ਫ਼ਤਹਿਗੜ੍ਹ ਸਾਹਿਬ/11 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਮੀਂਹ ਕਾਰਨ ਸਰਹਿੰਦ - ਫਤਹਿਗੜ੍ਹ ਸਾਹਿਬ ਵਿਖੇ ਵੱਖੋ ਵੱਖ ਥਾਂ ਖੜ੍ਹੇ ਪਾਣੀ ਦੀ ਨਗਰ ਕੌਂਸਲ ਸਰਹਿੰਦ ਦੀ ਟੀਮ ਵੱਲੋਂ ਫੌਰੀ ਨਿਕਾਸੀ ਕਰਵਾ ਕੇ ਲੋਕਾਂ ਨੂੰ ਮੁਸ਼ਕਲਾਂ ਤੋਂ ਨਿਜਾਤ ਦਿਵਾਈ ਗਈ। ਇਹ ਜਾਣਾਕਰੀ ਦਿੰਦੀਆਂ ਕਾਰਜਸਾਧਕ ਅਫਸਰ ਸਰਹਿੰਦ (ਵਾਧੂ ਚਾਰਜ) ਬਲਜਿੰਦਰ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਭਾਰੀ ਬਰਸਾਤ ਕਾਰਨ ਪਾਣੀ ਖੜ੍ਹਾ ਹੋਣ ਦੀਆਂ ਰਿਪੋਰਟਾਂ ਮਿਲੀਆਂ ਨਗਰ ਕੌਂਸਲ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਫੌਰੀ ਹਰਕਤ ਵਿੱਚ ਆ ਕੇ ਪਾਣੀ ਦੀ ਨਿਕਾਸੀ ਕਰਵਾਈ। ਇਸ ਮੌਕੇ ਸੈਨੇਟਰੀ ਇੰਸਪੈਕਟਰ ਮਨੋਜ ਕੁਮਾਰ ਨੇ ਦੱਸਿਆ ਕਿ ਉਹਨਾਂ ਨੇ ਆਪਣੀਆਂ ਨਿਗਰਾਨੀ ਵਿੱਚ ਸਕਸ਼ਨ ਮਸ਼ੀਨਾਂ ਦੀ ਵਰਤੋਂ ਨਾਲ ਪਾਣੀ ਦੀ ਬੇਰੋਕ ਨਿਕਾਸੀ ਯਕੀਨੀ ਬਣਾਈ। ਉਹਨਾਂ ਕਿਹਾ ਕਿ ਇਸ ਦੌਰਾਨ ਸੁਪਰਵਾਈਜ਼ਰ ਗੋਲਡੀ ਨੇ ਬਹੁਤ ਹੀ ਮਿਹਨਤ ਨਾਲ ਕੰਮ ਕੀਤਾ ਤੇ ਕੁਝ ਹੀ ਸਮੇਂ ਵਿੱਚ ਪਾਣੀ ਖੜ੍ਹੇ ਹੋਣ ਦੀ ਦਿੱਕਤ ਦੂਰ ਕਰ ਦਿੱਤੀ ਗਈ। ਉਹਨਾਂ ਕਿਹਾ ਕਿ ਇਹ ਗੱਲ ਯਕੀਨੀ ਬਣਾਈ ਜਾ ਰਹੀ ਹੈ ਕਿ ਅੱਗੇ ਅਜਿਹੀ ਦਿੱਕਤ ਨਾ ਆਵੇ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਫੇਰ ਵੀ ਕੋਈ ਦਿੱਕਤ ਆਉਂਦੀ ਹੈ ਤਾਂ ਫੌਰੀ ਨਗਰ ਕੌਂਸਲ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਨਾਗਰਿਕ ਘਰਾਂ 'ਚੋਂ ਕੂੜਾ ਲੈਣ ਆਉਣ ਵਾਲੇ ਸਫਾਈ ਸੇਵਕਾਂ ਨੂੰ ਗਿੱਲਾ ਤੇ ਸੁੱਕਾ ਕੂੜਾ ਵੱਖ ਵੱਖ ਕਰਕੇ ਦੇਣ।
ਗਲੀਆਂ ਦੀਆਂ ਨਾਲੀਆਂ ਵਿੱਚ ਪਲਾਸਟਿਕ ਦੇ ਲਿਫਾਫੇ ਤੇ ਕੂੜਾ ਕਰਕਟ ਸੁੱਟਣ ਤੋਂ ਗਰੇਜ ਕਰਨ ਕਿਉਂਕਿ ਇਹ ਲਿਫਾਫੇ ਸੀਵਰੇਜ ਪਾਈਪਾਂ ਵਿੱਚ ਫਸ ਕੇ ਪਾਣੀ ਦੀ ਨਿਕਾਸੀ ਵਿੱਚ ਰੋੜਾ ਬਣਦੇ ਹਨ, ਜਿਸ ਕਾਰਨ ਬਰਸਾਤੀ ਪਾਣੀ ਗਲੀਆਂ ਵਿੱਚ ਖੜ੍ਹਾ ਹੋ ਜਾਂਦਾ ਹੈ।ਉਹਨਾਂ ਇਹ ਵੀ ਅਪੀਲ ਕੀਤੀ ਕਿ ਸ਼ਹਿਰ ਵਾਸੀ ਸਫਾਈ ਸੇਵਕਾਂ ਨੂੰ ਬਰਸਾਤੀ ਮੌਸਮ ਵਿੱਚ ਪੂਰਨ ਸਹਿਯੋਗ ਦੇਣ।