ਸ੍ਰੀ ਫ਼ਤਹਿਗੜ੍ਹ ਸਾਹਿਬ/12 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਫੂਡ ਪ੍ਰੋਸੈਸਿੰਗ ਟੈਕਨਾਲੋਜੀ ਵਿਭਾਗ ਵੱਲੋਂ ਵੇਰਕਾ ਮਿਲਕ ਪਲਾਂਟ, ਬੱਸੀ ਪਠਾਣਾ ਦਾ ਉਦਯੋਗਿਕ ਦੌਰਾ ਕੀਤਾ ਗਿਆ। ਇਸ ਦੌਰੇ ਦਾ ਉਦੇਸ਼ ਵਿਦਿਆਰਥੀਆਂ ਨੂੰ ਖਾਦ ਉਤਪਾਦਾਂ ਦੇ ਉਤਪਾਦਨ ਅਤੇ ਪੈਕਿੰਗ ਵਿੱਚ ਵਰਤੀ ਜਾਣ ਵਾਲੀ ਉਦਯੋਗਿਕ ਪ੍ਰਕਿਰਿਆ ਅਤੇ ਟੈਕਨਾਲੋਜੀ ਦਾ ਉਦਯੋਗਿਕ ਅਨੁਭਵ ਦੇਣਾ ਸੀ।
ਇਸ ਦੌਰੇ ਦੀ ਅਗਵਾਈ ਵਿਭਾਗ ਮੁਖੀ, ਡਾ. ਰੁਪਿੰਦਰ ਪਾਲ ਸਿੰਘ ਨੇ ਕੀਤੀ, ਜਿਸ ਵਿੱਚ ਬੀ.ਟੇਕ. ਅਤੇ ਐਮ. ਐਸ ਸੀ ਫੂਡ ਪ੍ਰੋਸੈਸਿੰਗ ਟੈਕਨਾਲੋਜੀ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਦੌਰਾਨ ਵਿਭਾਗ ਦੇ ਫੈਕਲਟੀ ਮੈਂਬਰ ਹਰਮਨਦੀਪ ਕੌਰ ਅਤੇ ਕੋਮਲਪ੍ਰੀਤ ਕੌਰ ਨੇ ਵਿਦਿਆਰਥੀਆਂ ਨਾਲ ਸ਼ਮੂਲੀਅਤ ਕੀਤੀ। ਦੌਰੇ ਦੌਰਾਨ, ਵਿਦਿਆਰਥੀਆਂ ਨੂੰ ਕੰਪਨੀ ਦੇ ਪ੍ਰੋਫਾਈਲ, ਇਸਦੇ ਕੰਮ ਕਰਨ ਦੇ ਢੰਗ, ਉਤਪਾਦਾਂ ਅਤੇ ਵੇਰਕਾ ਵੱਲੋਂ ਬਣਾਈਆਂ ਜਾਣ ਵਾਲੀਆਂ ਗੁਣਵੱਤਾ ਮਿਆਰ ਅਤੇ ਪ੍ਰਮਾਣੀਕਰਨ ਬਾਰੇ ਜਾਣੂ ਕਰਵਾਇਆ ਗਿਆ। ਅਸਿਸਟੈਂਟ ਮੈਨੇਜਰ, ਅਨੰਤਦੀਪ ਸਿੰਘ ਨੇ ਉਤਪਾਦਨ ਪ੍ਰਕਿਰਿਆ ਦੇ ਹਰ ਪਹਿਲੂ, ਗੁਣਵੱਤਾ ਸੁਰੱਖਿਆ ਉਪਕਰਣਾਂ ਅਤੇ ਪਲਾਂਟ ਵਿੱਚ ਵਰਤੇ ਜਾਣ ਵਾਲੇ ਸਾਧਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਡਾ. ਪ੍ਰਿਤ ਪਾਲ ਸਿੰਘ ਨੇ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਦੀ ਅਮਲੀ ਸਿੱਖਿਆ ਨੂੰ ਹੋਰ ਨਿਖਾਰਨ ਲਈ ਅਜਿਹੇ ਦੌਰੇ ਲਗਾਤਾਰ ਕਰਵਾਉਣ ਦੀ ਹੌਂਸਲਾ ਅਫ਼ਜ਼ਾਈ ਕੀਤੀ।