ਸ੍ਰੀ ਫ਼ਤਹਿਗੜ੍ਹ ਸਾਹਿਬ/12 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਮੋਹਾਲੀ ਦੇ ਇੱਕ ਬਿਲਡਰ ਤੋਂ ਫਾਰਚੂਨਰ ਗੱਡੀ ਖੋਹ ਲੈ ਜਾਣ ਦੇ ਦੋਸ਼ ਹੇਠ ਸਰਹਿੰਦ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਜਾਣ ਦਾ ਸਮਾਚਾਰ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਜੈ ਅਗਰਵਾਲ ਵਾਸੀ ਪਟਿਆਲਾ ਨੇ ਦੱਸਿਆ ਕਿ ਉਹ ਮੋਹਾਲੀ ਵਿਖੇ ਬਿਲਡਰ ਦਾ ਕੰਮ ਕਰਦਾ ਹੈ ਜਿੱਥੇ ਗੱਡੀਆਂ ਦੀ ਖਰੀਦੋ ਫਰੋਖਤ ਦੇ ਸਬੰਧ ਵਿੱਚ ਉਸਦੀ ਮੁਲਾਕਾਤ ਸਤਿੰਦਰ ਸਿੰਘ ਨਾਮਕ ਵਿਅਕਤੀ ਨਾਲ ਹੋਈ ਜਿਸ ਤੋਂ ਉਸਨੇ ਫਾਰਚੂਨਰ ਗੱਡੀ ਖਰੀਦ ਲਈ ਜਿਸ ਦੀ ਬਣਦੀ ਕੀਮਤ ਉਸ ਵੱਲੋਂ ਦੇ ਦਿੱਤੀ ਗਈ ਤੇ ਕੁਝ ਪੈਸੇ ਗੱਡੀ ਨਾਮ ਸੰਬੰਧੀ ਕਾਗਜ਼ਾਤ ਦੇਣ ਉਪਰੰਤ ਦੇਣੇ ਕੀਤੇ। ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਕਿ ਉਕਤ ਵਿਅਕਤੀ ਵੱਲੋਂ ਉਸ ਨੂੰ ਸਰਹਿੰਦ ਦੇ ਇੱਕ ਰੈਸਟੋਰੈਂਟ 'ਚ ਬੁਲਾਇਆ ਗਿਆ ਜਿੱਥੇ ਸਤਿੰਦਰ ਸਿੰਘ ਅਤੇ ਉਸਦੇ ਦੋ ਹੋਰ ਨਾਮਾਲੂਮ ਸਾਥੀ ਚਾਕੂਨੁਮਾ ਚੀਜ਼ ਦਿਖਾ ਕੇ ਧਮਕਾਉਂਦੇ ਹੋਏ ਉਸ ਤੋਂ ਚਿੱਟੇ ਰੰਗ ਦੀ ਟੈਂਪਰੇਰੀ ਨੰਬਰ ਫਾਰਚੂਨਰ ਗੱਡੀ ਖੋਹ ਕੇ ਫ਼ਰਾਰ ਹੋ ਗਏ।