ਸ੍ਰੀ ਫ਼ਤਹਿਗੜ੍ਹ ਸਾਹਿਬ/ 16 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਜਾਬ ਚੇਤਨ ਸਿੰਘ ਜੋੜੇਮਾਜਰਾ ਨੇ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਬਾਬਾ ਮੋਤੀ ਰਾਮ ਮਹਿਰਾ ਖੂਨਦਾਨ ਸੋਸਾਇਟੀ (ਰਜਿਸਟਰਡ) ਫ਼ਤਹਿਗੜ੍ਹ ਸਾਹਿਬ ਵੱਲੋਂ ਲਗਾਏ ਗਏ 162ਵੇਂ ਵਿਸ਼ਾਲ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ।ਇਸ ਮੌਕੇ ਗੱਲਬਾਤ ਕਰਦਿਆਂ ਮੰਤਰੀ ਜੋੜੇਮਾਜਰਾ ਨੇ ਕਿਹਾ ਕਿ ਖੂਨਦਾਨ ਸਭ ਤੋਂ ਉੱਤਮ ਕਾਰਜ਼ ਹੈ ਅਤੇ ਖੂਨਦਾਨ ਤੋਂ ਵੱਡਾ ਕੋਈ ਹੋਰ ਦਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਮਹਾਦਾਨ ਹੈ ਜਿਸ ਨਾਲ ਅਨਮੋਲ ਮਨੁੱਖੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਹਰੇਕ ਸਿਹਤਮੰਦ ਵਿਅਕਤੀ ਨੂੰ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਸਿਹਤ ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਖੂਨਦਾਨ ਲੋੜਵੰਦ ਵਿਅਕਤੀਆਂ ਦੀ ਜਾਨ ਬਚਾਉਣ ਦੇ ਕੰਮ ਆ ਸਕਦਾ ਹੈ ਅਤੇ ਕਿਸੇ ਵਿਅਕਤੀ ਦੀ ਜਾਨ ਬਚਾਉਣ ਤੋਂ ਵੱਡਾ ਹੋਰ ਕੋਈ ਪੁੰਨ ਨਹੀਂ ਹੈ।ਕੈਬਨਿਟ ਮੰਤਰੀ ਨੇ ਬਾਬਾ ਮੋਤੀ ਰਾਮ ਮਹਿਰਾ ਖੂਨਦਾਨ ਸੋਸਾਇਟੀ (ਰਜਿਸਟਰਡ) ਫ਼ਤਹਿਗੜ੍ਹ ਸਾਹਿਬ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਸੇਵਾ ਇੱਕ ਅਜਿਹਾ ਕਾਰਜ਼ ਹੈ ਜਿਸ ਨਾਲ ਅਸੀਂ ਮਾਨਵਤਾ ਦੀ ਸੇਵਾ ਕਰ ਸਕਦੇ ਹਾਂ ਅਤੇ ਮਾਨਵਤਾ ਦੀ ਸੇਵਾ ਨੂੰ ਸਾਡੇ ਧਾਰਮਿਕ ਗ੍ਰੰਥਾਂ ਵਿੱਚ ਬਹੁਤ ਵੱਡਾ ਸਥਾਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਸਾਨੂੰ ਸਾਰਿਆਂ ਨੂੰ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਮਾਨਵਤਾ ਦੀ ਸੇਵਾ ਤੋਂ ਕਦੇ ਵੀ ਪਿਛੇ ਨਹੀਂ ਹਟਾਂਗੇ।ਸੰਗਰਾਂਦ ਦੇ ਦਿਹਾੜੇ ਦੀ ਸੂਬਾ ਵਾਸੀਆਂ ਨੂੰ ਮੁਬਾਰਕਬਾਦ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਮਾਜ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਵੀ ਮਜਬੂਤ ਕਰਨਾ ਚਾਹੀਦਾ ਹੈ ਕਿਉਂਕਿ ਆਪਸੀ ਸਾਂਝ ਮਜਬੂਤ ਰੱਖਦੇ ਹੋਏ ਅਸੀਂ ਬਿਹਤਰ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਇਸ ਮੌਕੇ ਸੰਸਥਾ ਵੱਲੋਂ ਕੈਬਨਿਟ ਮੰਤਰੀ ਜੋੜੇਮਾਜਰਾ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਖੂਨਦਾਨ ਕੈਂਪ ਵਿੱਚ ਸੋਹਾਣਾ ਹਸਪਤਾਲ ਦੀ ਟੀਮ ਨੇ ਡਾ: ਰਿਤੇਸ਼ ਗੁਲਾਟੀ ਦੀ ਅਗਾਈ ਹੇਠ ਖੂਨ ਇਕੱਤਰ ਕੀਤਾ। ਇਸ ਮੌਕੇ ਸੰਸਥਾ ਦੇ ਸਕੱਤਰ ਨਿਸ਼ਾਨ ਸਿੰਘ, ਕੈਪਟਨ ਸੇਵਾ ਸਿੰਘ, ਕ੍ਰਿਸ਼ਨ ਸਿੰਘ, ਇੰਜ: ਐਸ.ਐਸ.ਬਾਠ, ਗੁਰਮੀਤ ਸਿੰਘ ਖਟੜਾ, ਸਟੇਟ ਅਵਾਰਡੀ ਅਮਰੀਕ ਸਿੰਘ ਨਾਗਰਾ, ਬਲਵਿੰਦਰ ਸਿੰਘ ਸੋਹੀ, ਚਰਨ ਸਿੰਘ ਸੇਖੋਂ, ਬੀਬੀ ਨੀਲ ਕਮਲ ਕੌਰ ਬਾਠ, ਸਰਪੰਚ ਮੇਜਰ ਸਿੰਘ, ਇੰਡੀਅਨ ਰੈੱਡ ਕਰਾਸ ਸੋਸਾਇਟੀ ਦੇ ਜਸਵਿੰਦਰ ਸਿੰਘ ਤੇ ਰਕੇਸ਼ ਕੁਮਾਰੀ ਸੁਪਰਡੈਂਟ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੂਨਦਾਨੀ ਤੇ ਹੋਰ ਪਤਵੰਤੇ ਹਾਜਰ ਸਨ।