ਸ੍ਰੀ ਫ਼ਤਹਿਗੜ੍ਹ ਸਾਹਿਬ/17 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੇ ਯੂਨੀਵਰਸਿਟੀ ਸਕੂਲ ਆਫ ਲਾਅ ਨੇ ਮਾਨਯੋਗ ਵਾਈਸ ਚਾਂਸਲਰ ਪ੍ਰੋ.(ਡਾ.) ਪ੍ਰਿਤਪਾਲ ਸਿੰਘ ਅਤੇ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ, ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਦੀ ਸਰਪ੍ਰਸਤੀ ਹੇਠ ਅੰਤਰਰਾਸ਼ਟਰੀ ਲੋਕਤੰਤਰ ਦਿਵਸ ਮਨਾਇਆ । ਸਮਾਗਮ ਦੇ ਮੁੱਖ ਮਹਿਮਾਨ ਮਨਜਿੰਦਰ ਸਿੰਘ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ.ਨਗਰ ਸਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਿਲ ਕੇ ਕੰਮ ਕਰਨ ਅਤੇ ਆਪਣੇ ਅਧਿਕਾਰਾਂ ਅਤੇ ਫਰਜ਼ਾਂ ਲਈ ਖੜ੍ਹੇ ਹੋਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਨਸ਼ਿਆਂ ਦੇ ਵੱਧ ਰਹੇ ਮਾਮਲਿਆਂ ਅਤੇ ਗਲੋਬਲ ਵਾਰਮਿੰਗ 'ਤੇ ਵੀ ਗੰਭੀਰ ਚਿੰਤਾ ਪ੍ਰਗਟਾਈ। ਅਰੁਣ ਗੁਪਤਾ, ਜ਼ਿਲ੍ਹਾ ਅਤੇ ਸੈਸ਼ਨ ਜੱਜ ਅਤੇ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਤਹਿਗੜ੍ਹ ਸਾਹਿਬ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਜਮਹੂਰੀਅਤ ਅਤੇ ਜਮਹੂਰੀ ਵਿਸ਼ਵਾਸਾਂ ਵਿੱਚ ਸਮੂਹਿਕ ਭਾਗੀਦਾਰੀ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਨਾਲਸਾ ਵੱਲੋਂ ਪੇਸ਼ ਕੀਤੇ ਜਾਣ ਵਾਲੇ ਇੰਟਰਨਸ਼ਿਪ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸੀ.ਜੇ.ਐਮ ਦੀਪਤੀ ਗੋਇਲ, ਮੈਂਬਰ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਤਹਿਗੜ੍ਹ ਸਾਹਿਬ ਨੇ ਵੀ ਸ਼ਿਰਕਤ ਕੀਤੀ।
ਪ੍ਰੋ.(ਡਾ.) ਸੁਖਵਿੰਦਰ ਸਿੰਘ ਬਿਲਿੰਗ, ਡੀਨ ਅਕਾਦਮਿਕ ਮਾਮਲੇ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਯੂਨੀਵਰਸਿਟੀ ਸਕੂਲ ਆਫ਼ ਲਾਅ ਨੂੰ ਅਜਿਹਾ ਸਮਾਗਮ ਕਰਵਾਉਣ ਲਈ ਵਧਾਈ ਦਿੱਤੀ।ਮੀਡੀਆ ਨਾਲ ਗੱਲਬਾਤ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ.(ਡਾ.) ਪ੍ਰਿਤ ਪਾਲ ਸਿੰਘ ਨੇ ਦੱਸਿਆ ਕਿ ਇਸ ਦਿਵਸ ਦਾ ਉਦੇਸ਼ ਵਿਸ਼ਵ ਭਰ ਵਿੱਚ ਲੋਕਤੰਤਰ ਦੀ ਸਥਿਤੀ ਦਾ ਨਿਰੀਖਣ ਅਤੇ ਮੁਲਾਂਕਣ ਕਰਨਾ ਅਤੇ ਮਨੁੱਖੀ ਅਧਿਕਾਰਾਂ ਦੇ ਕਾਨੂੰਨਾਂ ਅਤੇ ਆਜ਼ਾਦੀ ਬਾਰੇ ਜਾਗਰੂਕਤਾ ਫੈਲਾਉਣ ਹੈ। ਇਸ ਈਵੈਂਟ ਵਿੱਚ ਸਲੋਗਨ ਲਿਖਣ ਮੁਕਾਬਲੇ, ਡਾਕੂਮੈਂਟਰੀ ਮੇਕਿੰਗ, ਸਕਿੱਟ, ਥੀਮ 'ਤੇ ਇੰਸਟਾਗ੍ਰਾਮ ਰੀਲਾਂ ਅਤੇ ਗਿੱਧਾ ਪ੍ਰਦਰਸ਼ਨ ਸ਼ਾਮਲ ਸਨ। ਯੂਨੀਵਰਸਿਟੀ ਸਕੂਲ ਆਫ਼ ਲਾਅ ਦੀ ਇੰਚਾਰਜ ਡਾ. ਨਵਨੀਤ ਕੌਰ ਨੇ ਦੱਸਿਆ ਕਿ ਅੰਤਰਰਾਸ਼ਟਰੀ ਲੋਕਤੰਤਰ ਦਿਵਸ ਦਾ ਵਿਸ਼ਾ ਚੰਗੇ ਸ਼ਾਸਨ ਲਈ ਇੱਕ ਸਾਧਨ ਵਜੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਹੱਤਤਾ 'ਤੇ ਕੇਂਦਰਿਤ ਹੈ। ਉਨ੍ਹਾਂ ਵਿਭਾਗ ਦੀ ਤਰਫੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।