ਨਾਭਾ 16 ਸਤੰਬਰ (ਵਰਿੰਦਰ ਵਰਮਾ)
ਜੇਕਰ ਤੁਸੀਂ ਵੀ ਦੇਸੀ ਘਿਓ ਖਾਣ ਦੇ ਸ਼ੌਕੀਨ ਹੋ ਤਾਂ ਹੋ ਜਾਵੋਂ ਸਾਵਧਾਨ ਕਿਉਂਕਿ ਇਹ ਖਬਰ ਤੁਹਾਡੀ ਸਿਹਤ ਦੇ ਨਾਲ ਜੁੜੀ ਹੈ। ਨਾਭਾ ਦੇ ਬਾਜ਼ਾਰ ਦੇ ਵਿੱਚ ਨੈਸਲੇ ਕੰਪਨੀ ਦਾ ਨਕਲੀ ਦੇਸੀ ਘਿਓ ਦੁਕਾਨਦਾਰਾਂ ਨੂੰ 2 ਨੌਜਵਾਨ ਵੇਚਣ ਦੇ ਲਈ ਆਏ ਸਨ। ਜਿਸਦੀ ਭਿਣਕ ਨਾਭਾ ਵਪਾਰ ਮੰਡਲ ਨੂੰ ਪੇ ਗਈ ਤਾਂ ਨਾਭਾ ਵਪਾਰ ਮੰਡਲ ਦੇ ਵੱਲੋਂ ਨਾਭਾ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ ਤੇ ਪੁਲਿਸ ਦੇ ਵੱਲੋਂ ਕਾਰਵਾਈ ਕਰਦਿਆਂ ਇਹਨਾਂ 2 ਨੌਜਵਾਨਾਂ ਨੂੰ ਨਕਲੀ ਦੇਸੀ ਘਿਓ ਦੇ 96 ਡੱਬਿਆਂ ਸਮੇਤ ਗਿ੍ਰਫਤਾਰ ਕਰ ਲਿਆ ਗਿਆ। ਇਹ ਨੌਜਵਾਨ ਬਠਿੰਡੇ ਫੈਕਟਰੀ ਦੇ ਵਿੱਚੋਂ ਨਕਲੀ ਦੇਸੀ ਘਿਓ ਲਿਆ ਕੇ ਨਾਭਾ ਦੇ ਬਾਜ਼ਾਰਾਂ ਦੇ ਵਿੱਚ ਵੇਚ ਰਹੇ ਸਨ। ਇਹਨਾਂ ਕੋਲੋਂ ਪਿਕਅਪ ਗੱਡੀ ਵੀ ਬਰਾਮਦ ਕੀਤੀ ਗਈ ਹੈ। ਜਿਸ ਦੇ ਵਿੱਚ ਇਹ ਨਕਲੀ ਦੇਸੀ ਘਿਓ ਵੇਚਦੇ ਸਨ। ਇਸ ਮੌਕੇ ਨਾਭਾ ਵਪਾਰ ਮੰਡਲ ਦੇ ਪ੍ਰਧਾਨ ਸੋਮਨਾਥ ਢੱਲ ਨੇ ਕਿਹਾ ਕਿ ਇਹ ਦੋਵੇਂ ਨੌਜਵਾਨ ਪਿਕਅਪ ਗੱਡੀ ਤੇ ਨੈਸਲੇ ਕੰਪਨੀ ਦਾ ਦੇਸੀ ਘਿਓ ਵੇਚਣ ਲਈ ਦੁਕਾਨਦਾਰਾਂ ਨੂੰ ਆਏ ਸਨ ਅਤੇ ਜਦੋਂ ਉਨ੍ਹਾਂ ਨੇ ਰੇਟ ਪੁੱਛਿਆ ਤਾਂ ਇਹ ਪਹਿਲਾਂ ਡੱਬੇ ਦਾ ਰੇਟ 400 ਰੁਪਏ ਦੱਸ ਰਹੇ ਸਨ ਅਤੇ ਹੌਲੀ ਹੌਲੀ ਇਹ 300 ਰੁਪਏ ਤੇ ਆ ਗਏ ਸਨ, ਇਸ ਕਰਕੇ ਦੁਕਾਨਦਾਰਾਂ ਨੂੰ ਸ਼ੱਕ ਪੈਣ ਤੇ ਪ੍ਰਧਾਨ ਵਪਾਰ ਮੰਡਲ ਨੂੰ ਸੂਚਿਤ ਕੀਤਾ ਗਿਆ। ਮੌਕੇ ਤੇ ਨੈਸਲੇ ਕੰਪਨੀ ਦੇ ਡੀਲਰ ਨੂੰ ਵੀ ਬੁਲਾਇਆ ਗਿਆ ਅਤੇ ਉਸ ਨੇ ਵੀ ਸਪਸ਼ਟ ਕੀਤਾ ਕਿ ਇਹ ਦੇਸੀ ਘਿਓ ਨਕਲੀ ਹੈ, ਮੌਕੇ ਤੇ ਉਨ੍ਹਾਂ ਪੁਲਿਸ ਦੇ ਹਵਾਲੇ ਕਰ ਦਿੱਤਾ।
ਪੁਲਿਸ ਨੇ ਪ੍ਰਧਾਨ ਸੋਮਨਾਥ ਢੱਲ ਦੇ ਬਿਆਨਾਂ ਤੇ ਮੁਲਜਮ ਜੱਗਸੀਰ ਰਾਮ ਵਾਸੀ ਪਿੰਡ ਲਾਲੇਵਾਲੀ ਜ਼ਿਲ੍ਹਾ ਮਾਨਸਾ ਅਤੇ ਸੋਮਾ ਰਾਮ ਵਾਸੀ ਭੱਮੇ ਖੁਰਦ ਜ਼ਿਲ੍ਹਾ ਮਾਨਸਾ ਦੇ ਖਿਲਾਫ ਬੀਐਨਐਸ ਧਾਰਾ 274, 318 ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।