ਸ੍ਰੀ ਫ਼ਤਹਿਗੜ੍ਹ ਸਾਹਿਬ/18 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਸਰਹਿੰਦ ਕੋਲੋਂ ਲੰਘਦੀ ਭਾਖੜਾ ਨਹਿਰ 'ਚ ਬੀਤੀ ਸ਼ਾਮ ਸ੍ਰੀ ਗਨੇਸ਼ ਜੀ ਦੀ ਮੂਰਤੀ ਦਾ ਵਿਸਰਜਨ ਕਰਨ ਆਏ ਮੰਡੀ ਗੋਬਿੰਦਗੜ੍ਹ ਦੀ ਬਿਧੀ ਚੰਦ ਕਲੋਨੀ ਦੇ ਵਸਨੀਕ ਆਰਿਅਨ(16) ਨਾਮਕ ਨੌਜਵਾਨ ਦੇ ਨਹਿਰ 'ਚ ਰੁੜ੍ਹ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਥਾਣਾ ਸਰਹਿੰਦ ਦੇ ਐਸ.ਐਚ.ਓ. ਥਾਣੇਦਾਰ ਸੁਧੀਰ ਮਲਿਕ ਨੇ ਮੌਕੇ ਦਾ ਜਾਇਜ਼ਾ ਲੈਂਦਿਆਂ ਗੋਤਾਖੋਰਾਂ ਦੀ ਮੱਦਦ ਨਾਲ ਲਾਪਤਾ ਹੋਏ ਆਰਿਅਨ ਦੀ ਭਾਲ ਸ਼ੁਰੂ ਕਰਵਾ ਦਿੱਤੀ।ਆਰਿਅਨ ਦੀ ਭੂਆ ਕੁਲਦੀਪ ਕੌਰ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਕਰੀਬ 5 ਵਜੇ ਉਸਦਾ ਭਤੀਜਾ ਆਰਿਅਨ ਸ੍ਰੀ ਗਨੇਸ਼ ਜੀ ਦੀ ਮੂਰਤੀ ਦੇ ਵਿਸਰਜਨ ਦੇ ਸਬੰਧ 'ਚ ਸਰਹਿੰਦ ਦੇ ਫਲੋਟਿੰਗ ਰੈਸਟੋਰੈਂਟ ਕੋਲੋਂ ਲੰਘਦੀ ਭਾਖੜਾ ਨਹਿਰ ਵੱਲ ਆਇਆ ਸੀ।ਜਿੱਥੇ ਮੂਰਤੀ ਵਿਸਰਜਨ ਉਪਰੰਤ ਆਰਿਅਨ ਅਤੇ 2/3 ਹੋਰ ਲੜਕੇ ਜਦੋਂ ਨਹਿਰ 'ਚ ਨਹਾ ਰਹੇ ਸਨ ਤਾਂ ਆਰਿਅਨ ਨਹਿਰ ਦੇ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਕੇ ਲਾਪਤਾ ਹੋ ਗਿਆ।ਇਸ ਮੰਦਭਾਗੀ ਘਟਨਾ ਬਾਰੇ ਪਤਾ ਲੱਗਣ 'ਤੇ ਆਰਿਅਨ ਦੇ ਮਾਪਿਆਂ ਦਾ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।