ਸ੍ਰੀ ਫ਼ਤਹਿਗੜ੍ਹ ਸਾਹਿਬ/ 18 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਸਮੇਂ ਦਾ ਹਾਣੀ ਬਣਾਇਆ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਸੰਗਤਪੁਰ ਸੋਢੀਆਂ ਵਿਖੇ ਕਰਵਾਏ ਗਏ ਬਲਾਕ ਪੱਧਰੀ ਵਿਗਿਆਨ ਸੈਮੀਨਾਰ ਮੌਕੇ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨੇ ਵੱਖ-ਵੱਖ ਵਿਦਿਅਕ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡ ਕੇ ਉਨ੍ਹਾਂ ਦੀ ਹੌਸ਼ਲਾ ਅਫਜ਼ਾਈ ਕੀਤੀ। ਇਸ ਸੈਮੀਨਾਰ ਵਿੱਚ ਬਲਾਕ ਦੇ 14 ਸਕੂਲਾਂ ਨੇ ਹਿੱਸਾ ਲਿਆ। ਹਲਕਾ ਵਿਧਾਇਕ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਅੱਜ ਸਾਡੇ ਬੱਚੇ ਤੇ ਨੌਜਵਾਨ ਖੁਆਰ ਹੋ ਰਹੇ ਹਨ। ਇਸ ਲਈ ਲੋੜ ਹੈ ਕਿ ਸਾਡੇ ਬੱਚੇ ਵੱਧ ਤੋਂ ਵੱਧ ਪੜ੍ਹਨ। ਇਹ ਜ਼ਰੂਰੀ ਨਹੀਂ ਹੈ ਕਿ ਪੜ੍ਹ ਕੇ ਸਰਕਾਰੀ ਨੌਕਰੀ ਹੀ ਲੈਣੀ ਹੈ। ਪੜ੍ਹਿਆ ਲਿਖਿਆ ਇਨਸਾਨ ਬਹੁਤ ਕੁਝ ਕਰ ਸਕਦਾ ਹੈ। ਅੱਜ ਹੋਰ ਸੂਬਿਆਂ ਦੇ ਲੋਕ ਪੰਜਾਬ ਵਿੱਚ ਆ ਕੇ ਕਾਮਯਾਬ ਹੋ ਰਹੇ ਹਨ ਤਾਂ ਪੰਜਾਬੀ ਕਿਉਂ ਨਹੀਂ ਕਾਮਯਾਬ ਹੋ ਸਕਦੇ। ਉਹਨਾਂ ਕਿਹਾ ਕਿ ਅਸੀਂ ਇਸ ਇਤਿਹਾਸਕ ਧਰਤੀ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ ਵਿਕਾਸ ਪੱਖੋਂ ਦੁਨੀਆ ਦੇ ਨਕਸ਼ੇ ਉੱਤੇ ਉਭਾਰਨਾ ਹੈ। ਸਿੱਖਿਆ ਦੇ ਪੱਧਰ ਵਿੱਚ ਸੁਧਾਰ ਕਰਨ ਲਈ ਦੇਸ਼ ਵਿੱਚ ਪਹਿਲੀ ਵਾਰ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਵਿਖੇ ਪੜ੍ਹਾਈ ਦਾ ਮਿਆਰ ਅਤੇ ਢੰਗ ਤਰੀਕਿਆਂ ਬਾਰੇ ਜਾਣਕਾਰੀ ਹਾਸਿਲ ਕਰਨ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭੇਜਿਆ ਗਿਆ, ਤਾਂ ਜੋ ਪੰਜਾਬ ਦੇ ਵਿਦਿਆਰਥੀਆਂ ਦੇ ਆਤਮ -ਵਿਸ਼ਵਾਸ ਵਿੱਚ ਵਾਧਾ ਕੀਤਾ ਜਾ ਸਕੇ ਅਤੇ ਉਹ ਸਫਲਤਾ ਹਾਸਿਲ ਕਰ ਸਕਣ। ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਇਨਕਲਾਬੀ ਤਬਦੀਲੀਆਂ ਲਿਆਉਣ ਵਾਸਤੇ ਯਤਨਸ਼ੀਲ ਹੈ, ਜਿਸ ਵਿੱਚ ਸਕੂਲਾਂ ਦੀਆਂ ਇਮਾਰਤਾਂ ਦੇ ਸੁੰਦਰੀਕਰਨ ਦੇ ਨਾਲ-ਨਾਲ ਸਿੱਖਿਆ ਦੀ ਗੁਣਵੱਤਾ ਦੇ ਸੁਧਾਰ ਵਾਸਤੇ ਵੀ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਸਰਬਜੀਤ ਸਿੰਘ ਵੱਲੋਂ ਸਕੂਲ ਨੂੰ ਇੱਕ ਨਮੂਨੇ ਦਾ ਸਕੂਲ ਬਣਾਉਣ ਲਈ ਕੀਤੇ ਯਤਨਾਂ ਦੀ ਵਿਸ਼ੇਸ਼ ਤੌਰ 'ਤੇ ਸ਼ਲਾਘਾ ਕੀਤੀ। ਇਸ ਮੌਕੇ ਕਰਵਾਏ ਮੁਕਾਬਲਿਆਂ ਵਿੱਚ ਇਸ਼ਮੀਤ ਕੌਰ ਸੰਗਤਪੁਰ ਸੋਢੀਆਂ ਸਕੂਲ ਨੇ ਪਹਿਲਾ, ਮਨਦੀਪ ਕੌਰ ਮਾਧੋਪੁਰ ਸਕੂਲ ਨੇ ਦੂਜਾ ਅਤੇ ਏਕਮਪ੍ਰੀਤ ਕੌਰ ਸਕੂਲ ਜੱਲ੍ਹਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਉੱਪ ਜ਼ਿਲਾ ਸਿੱਖਿਆ ਅਫ਼ਸਰ ਦੀਦਾਰ ਸਿੰਘ ਮਾਂਗਟ, ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦੀਪ ਸ਼ਿਖਾ, ਪ੍ਰਿੰਸੀਪਲ ਸਰਬਜੀਤ ਸਿੰਘ, ਲੈਕਚਰਾਰ ਪੂਰਨ ਸਹਿਗਲ, ਲੈਕਚਰਾਰ ਸੰਦੀਪ ਸੂਦ, ਅਧਿਆਪਕ ਜਤਿੰਦਰ ਪਾਲ ਸਿੰਘ, ਹਰਵੀਰ ਸਿੰਘ ਗੁਰਦੀਪ ਸਿੰਘ, ਅਸ਼ੋਕ ਝਾਂਜੀ, ਚਮਨ ਕੁਰੈਸ਼ੀ, ਨਰਿੰਦਰ ਸਿੰਘ, ਬੰਟੀ ਸੰਗਤਪੁਰਾ, ਨਰਿੰਦਰ ਸਿੰਘ, ਕ੍ਰਿਸ਼ਨ ਸਿੰਘ ਹਾਜ਼ਰ ਸਨ।