ਸ੍ਰੀ ਫ਼ਤਹਿਗੜ੍ਹ ਸਾਹਿਬ/20 ਸਤੰਬਰ :
(ਰਵਿੰਦਰ ਸਿੰਘ ਢੀਂਡਸਾ)
ਜ਼ਿਲ੍ਹੇ ਦੀਆਂ ਗੈਰ-ਸਰਕਾਰੀ ਸੰਸਥਾਵਾਂ ਜੋ ਲੋਕਾਂ ਅਤੇ ਸਮਾਜ ਦੀ ਭਲਾਈ ਲਈ ਆਪਣੇ ਪੱਧਰ 'ਤੇ ਸੇਵਾ ਨਿਭਾ ਰਹੀਆਂ ਹਨ, ਉਹ ਸੰਸਥਾਵਾਂ ਆਪਣੇ ਆਪ ਨੂੰ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਪੰਜਾਬ ਸਰਕਾਰ ਦੇ ਨਾਲ ਰਜਿਸਟਰ ਕਰਵਾਉਣ ਤਾਂ ਜੋ ਆਉਣ ਵਾਲੇ ਭਵਿੱਖ ਵਿੱਚ ਉਹਨਾਂ ਨੂੰ ਸਰਕਾਰ ਵੱਲੋਂ ਲੋੜੀਂਦੀਆਂ ਸਹੂਲਤਾ ਮੁਹੱਈਆਂ ਕਰਵਾਈਆਂ ਜਾ ਸਕਣ ਅਤੇ ਉਹਨਾਂ ਵੱਲੋਂ ਨਿਭਾਈਆਂ ਜਾਂਦੀਆਂ ਸੇਵਾਵਾਂ ਦਾ ਬਿਹਤਰ ਮੁੱਲ ਪੈ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸਨਰ ਡਾ.ਸੋਨਾ ਥਿੰਦ ਨੇ ਸੀਨੀਅਰ ਸਿਟੀਜ਼ਨ ਹੋਮ, ਬਸੀ ਪਠਾਣਾਂ ਨੂੰ ਪੰਜਾਬ ਸਰਕਾਰ ਦੁਆਰਾ ਜਾਰੀ ਰਜਿਸਟਰੇਸ਼ਨ ਸਰਟੀਫਿਕੇਟ ਸੌਂਪਣ ਮੌਕੇ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੁਨੀਲ ਰੈਨਾ ਵੱਲੋਂ ਅਨਾਜ ਮੰਡੀ, ਬਸੀ ਪਠਾਣਾਂ ਵਿਖੇ ਸੀਨੀਅਰ ਸਿਟੀਜਨ ਵੈਲਫੇਅਰ ਚੈਰੀਟੇਬਲ ਟਰੱਸਟ ਚਲਾਇਆ ਜਾ ਰਿਹਾ ਹੈ, ਜਿਸਨੂੰ ਕਿ ਹੁਣ ਪੰਜਾਬ ਸਰਕਾਰ ਵੱਲੋਂ ਰਜਿਸਟਰਡ ਕਰ ਦਿੱਤਾ ਗਿਆ ਹੈ। ਇਹ ਸੀਨੀਅਰ ਸਿਟੀਜ਼ਨ ਹੋਮ ਇਸ ਟਰੱਸਟ ਅਧੀਨ ਪਿਛਲੇ ਲੱਗਭਗ 10 ਸਾਲਾਂ ਸਾਲ 2014 ਤੋਂ ਸਮਾਜ ਦੇ ਲੋਕਾਂ ਨੂੰ ਆਪਣੀਆਂ ਸੇਵਾਵਾਂ ਦੇ ਰਿਹਾ ਹੈ। ਮੌਜੂਦਾ ਸਮੇਂ ਸਰਕਾਰ ਵੱਲੋਂ ਇਸ ਹੋਮ ਵਿੱਚ 40 ਸੀਨੀਅਰ ਸਿਟੀਜਨਜ਼ ਬਜ਼ੁਰਗਾਂ (ਔਰਤਾ/ਮਰਦਾਂ) ਨੂੰ ਰੱਖਣ ਲਈ ਰਜਿਸਟਰੇਸ਼ਨ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ। ਇਸ ਮੌਕੇ ਟਰੱਸਟ ਨੂੰ ਚਲਾਉਣ ਵਾਲੇ ਸੁਨੀਲ ਰੈਨਾ ਦੁਆਰਾ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਦੱਸਿਆ ਗਿਆ ਕਿ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਨ ਕਿ ਉਹਨਾਂ ਅੱਜ ਦੇ ਦੌਰ ਵਿੱਚ ਬਜ਼ੁਰਗਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਹਨਾਂ ਨੇ ਕੋਵਿਡ-19 ਦੌਰਾਨ ਆਈਆਂ ਮੁਸ਼ਕਲਾਂ ਬਾਰੇ ਦੱਸਦੇ ਹੋਏ ਕਿਹਾ ਕਿ ਅਜਿਹੀ ਨਾਜ਼ੁਕ ਸਥਿਤੀ ਦੌਰਾਨ ਵੀ ਉਹਨਾਂ ਨੂੰ ਪੰਜਾਬ ਸਰਕਾਰ, ਪ੍ਰਸ਼ਾਸਨ ਅਤੇ ਆਮ ਲੋਕਾਂ ਦਾ ਬਹੁਤ ਸਹਿਯੋਗ ਮਿਲਿਆ, ਜਿਸ ਲਈ ਉਹ ਉਹਨਾਂ ਦੇ ਸਦਾ ਹੀ ਰਿਣੀ ਰਹਿਣਗੇ। ਉਹਨਾਂ ਵੱਲੋਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਜਿਥੇ ਪੰਜਾਬ ਸਰਕਾਰ ਦੇ ਪ੍ਰਸ਼ਾਸਨਿਕ ਅਧਿਕਾਰੀ ਹੋਮ ਵਿੱਚ ਸਮੇਂ-ਸਮੇਂ ਤੇ ਵਿਜ਼ਟ ਕਰਦੇ ਰਹੇ ਹਨ, ਉਸੇ ਤਰ੍ਹਾਂ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਦੁਆਰਾ ਵੀ ਹੋਮ ਵਿਜ਼ਟ ਕਰਨ ਲਈ ਆਪਣੀ ਦਿਲੀ ਇੱਛਾ ਉਹਨਾਂ ਨਾਲ ਸਾਂਝੀ ਕੀਤੀ ਅਤੇ ਨੇੜਲੇ ਕੁੱਝ ਹੀ ਦਿਨਾਂ ਵਿੱਚ ਹੋਮ ਵਿੱਚ ਬਜ਼ੁਰਗਾਂ ਨਾਲ ਮਿਲਕੇ ਉਹਨਾਂ ਨਾਲ ਦੁੱਖ-ਸੁੱਖ ਸਾਂਝਾ ਕਰਨ ਦੀ ਗੱਲ ਕਹੀ।ਇਸ ਮੌਕੇ ਹਾਜ਼ਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸੁਰਿੰਦਰ ਸਿੰਘ ਧਾਲੀਵਾਲ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ,ਵਰਿੰਦਰ ਸਿੰਘ ਟਿਵਾਣਾ ਵੱਲੋਂ ਵੀ ਬਿਰਧ ਘਰ ਦੁਆਰਾ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਉਹਨਾਂ ਦੱਸਿਆ ਕਿ ਇਹ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦਾ ਇੱਕਲੌਤਾ, ਹੁਣ ਪੰਜਾਬ ਸਰਕਾਰ ਨਾਲ ਰਜਿਸਟਰਡ, ਬਿਰਧ ਘਰ ਹੈ ਜੋ ਕਿ ਬਜ਼ੁਰਗਾਂ ਦੀ ਲਾਮਿਸਾਲ ਦੇਖਭਾਲ ਕਰਕੇ ਸਮਾਜ ਵਿੱਚ ਇੱਕ ਨਿਵੇਕਲੀ ਉਦਾਹਰਣ ਸਥਾਪਿਤ ਕਰ ਰਿਹਾ ਹੈ। ਡਿਪਟੀ ਕਮਿਸ਼ਨਰ ਦੁਆਰਾ ਅਜਿਹੀਆਂ ਲੋਕ ਭਲਾਈ ਸੰਸਥਾਵਾਂ ਜੋ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਬਜ਼ੁਰਗਾਂ, ਔਰਤਾਂ, ਦਿਵਿਆਂਗਜਨਾਂ, ਕੁਸ਼ਟ ਰੋਗੀਆਂ ਜਾਂ ਸਮਾਜ ਦਾ ਅਜਿਹਾ ਵਰਗ ਜਿਸ ਦੀ ਕੋਈ ਹੋਰ ਦੇਖਭਾਲ ਨਹੀਂ ਕਰਦਾ ਪ੍ਰੰਤੂ ਇਹ ਸੰਸਥਾਵਾਂ ਇਹਨਾਂ ਵਿਅਕਤੀਆਂ ਦੀ ਦੇਖਭਾਲ ਕਰ ਰਹੀਆਂ ਹਨ।ਉਹਨਾਂ ਨੇ ਅਜਿਹੀ ਸੰਸਥਾਵਾਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਉਹ ਆਪਣੀਆਂ-ਆਪਣੀਆਂ ਸੰਸਥਾਵਾਂ ਨੂੰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਸਰਕਾਰ ਨਾਲ ਰਜਿਸਟਰਡ ਕਰਵਾਉਣ ਲਈ ਆਪਣੇ ਕੇਸ ਅਪਲਾਈ ਕਰਨ ਲਈ ਤੁਰੰਤ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਫਤਹਿਗੜ੍ਹ ਸਾਹਿਬ ਦੇ ਦਫ਼ਤਰ ਕਮਰਾ ਨੰ. 207 ਅਤੇ 217, ਪਹਿਲੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਫਤਹਿਗੜ੍ਹ ਸਾਹਿਬ ਵਿਖੇ ਸਪੰਰਕ ਕਰ ਸਕਦੇ ਹਨ।