ਦੀਨਾਨਗਰ, 20 ਸਤੰਬਰ (ਸਰਬਜੀਤ ਸਾਗਰ)
ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਏ ਜਾ ਰਹੇ ਅਭਿਆਨ ਤਹਿਤ ਜਾਗਰੂਕਤਾ ਲਿਆਉਣ ਲਈ ਇੱਕ ਸੈਮੀਨਾਰ ਪਿੰਡ ਭਟੋਇਆ ਦੇ ਸ਼ਹੀਦ ਫ਼ੌਜੀ ਸਿਪਾਹੀ ਮੇਜਰ ਸਿੰਘ ਸਰਕਾਰੀ ਹਾਈ ਸਕੂਲ ਵਿਖੇ ਲਗਾਇਆ ਗਿਆ। ਜਿਸਦੀ ਅਗਵਾਈ ਐਸਐਚਓ ਮਨੋਜ ਕੁਮਾਰ ਨੇ ਕੀਤੀ ਜਦਕਿ ਮੁੱਖ ਬੁਲਾਰੇ ਵਜੋਂ ਡੀਐਸਪੀ ਦੀਨਾਨਗਰ ਸੁਰਿੰਦਰ ਸਿੰਘ ਅਤੇ ਸ਼ਹੀਦ ਭਗਤ ਸਿੰਘ ਵੈਲਫੇਅਰ ਸੋਸਾਇਟੀ ਦੀਨਾਨਗਰ ਦੇ ਸੀਨੀਅਰ ਮੀਤ ਪ੍ਰਧਾਨ ਭਗਵਾਨ ਦਾਸ ਸ਼ਾਮਲ ਹੋਏ। ਸੈਮੀਨਾਰ ਦਾ ਪ੍ਰਬੰਧ ਸਕੂਲ ਦੀ ਮੁੱਖ ਅਧਿਆਪਕਾ ਮੈਡਮ ਮੀਨਾਕਸ਼ੀ ਵੱਲੋਂ ਕੀਤਾ ਗਿਆ। ਇਸ ਦੌਰਾਨ ਡੀਐਸਪੀ ਸੁਰਿੰਦਰ ਸਿੰਘ ਨੇ ਕਿਹਾ ਕਿ ਸੈਮੀਨਾਰ ਦਾ ਉਦੇਸ਼ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣਾ ਹੈ ਕਿਉਂਕਿ ਇਸਦਾ ਆਦੀ ਮਨੁੱਖ ਆਪਣੀ ਜ਼ਿੰਦਗੀ ਬਰਬਾਦ ਕਰ ਬੈਠਦਾ ਹੈ ਅਤੇ ਉਸਨੂੰ ਸਮਾਜ ਅੰਦਰ ਬਣਦਾ ਮਾਣ ਸਨਮਾਨ ਵੀ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਸੂਬੇ ਨੂੰ ਡਰੱਗ ਫ਼ਰੀ ਜ਼ੋਨ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਜਿਸਦੀ ਸਫ਼ਲਤਾ ਲਈ ਉਹ ਆਮ ਜਨਤਾ ਦਾ ਸਹਿਯੋਗ ਮੰਗਦੇ ਹਨ। ਉਨ੍ਹਾਂ ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੱਤੀ ਅਤੇ ਕਿਹਾ ਕਿ ਜੇਕਰ ਉਨ੍ਹਾਂ ਦਾ ਕੋਈ ਆਪਣਾ ਜਾਂ ਜਾਣੂ ਵਿਅਕਤੀ ਇਸਦੀ ਗ੍ਰਿਫ਼ਤ ਵਿੱਚ ਆ ਚੁੱਕਾ ਹੈ ਤਾਂ ਇਸਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ। ਡੀਐਸਪੀ ਨੇ ਦਾਅਵਾ ਕੀਤਾ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਨਸ਼ੱਈ ਵਿਅਕਤੀ ਦਾ ਮੁਫ਼ਤ ਵਿੱਚ ਇਲਾਜ ਕਰਵਾਇਆ ਜਾਵੇਗਾ ਅਤੇ ਉਸਦੇ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ। ਉਨ੍ਹਾਂ ਹੋਰਨਾਂ ਅਪਰਾਧਾਂ ਬਾਰੇ ਵੀ ਪੁਲਿਸ ਨੂੰ ਸੂਚਨਾ ਦੇਣ ਹਿੱਤ ਸਹਿਯੋਗ ਮੰਗਿਆ।
ਇਸ ਤੋਂ ਪਹਿਲਾਂ ਮਾਸਟਰ ਭਗਵਾਨ ਦਾਸ ਨੇ ਬੱਚਿਆਂ ਵਿਰੁੱਧ ਅਪਰਾਧ ਰੋਕਣ ਲਈ ਬਣੇ ਪਾਕਸੋ ਐਕਟ 2012 ਅਤੇ ਕਿਸ਼ੋਰ ਨਿਆਂ ਐਕਟ 2015 ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਹਨਾਂ ਐਕਟਾਂ ਤਹਿਤ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦਾ ਸਰਕਾਰਾਂ ਵੱਲੋਂ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਾਲ ਤਸਕਰੀ ਅੱਜ ਸਾਰੇ ਸੰਸਾਰ ਵਿੱਚ ਇੱਕ ਗੰਭੀਰ ਸਮੱਸਿਆ ਬਣੀ ਹੋਈ ਹੈ। ਜਿਸਦੇ ਬਾਰੇ ਬੱਚਿਆਂ ਅੰਦਰ ਜਾਗਰੂਕਤਾ ਲਿਆਉਣ ਦੀ ਲੋੜ ਹੈ। ਮੀਤ ਪ੍ਰਧਾਨ ਕਿਰਪਾਲ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਬੁਰਾਈ ਨੂੰ ਤਿਆਗ ਕੇ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਣ ਦੀ ਜ਼ਰੂਰਤ ਹੈ। ਹੋਰਨਾਂ ਬੁਲਾਰਿਆਂ ਨੇ ਨਸ਼ੇ ਨੂੰ ਖ਼ਤਮ ਕਰਨ ਲਈ ਪੁਲਿਸ ਦਾ ਸਹਿਯੋਗ ਕਰਨ ਬਾਰੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਮੀਤ ਪ੍ਰਧਾਨ ਕੇਵਲ ਰਾਜ, ਪ੍ਰੈਸ ਸਕੱਤਰ ਦਰਸ਼ਨ ਕੁਮਾਰ, ਖਜ਼ਾਨਚੀ ਹਰਜਿੰਦਰ ਕੁਮਾਰ, ਕੇਵਲ ਰਾਜ, ਮੈਡਮ ਮਨੀਸ਼ਾ ਰਾਣੀ, ਅਮਨਦੀਪ ਕੌਰ, ਅਸ਼ੋਕ ਕੁਮਾਰ, ਮਨਜੀਤ ਕੌਰ, ਗੋਵਿੰਦ ਅਨੰਦ, ਜਤਿੰਦਰ ਕੁਮਾਰ, ਰਮੇਸ਼ ਦੱਤ, ਉਰਮਿਲਾ ਦੇਵੀ, ਸੁਰੇਸ਼ ਕੁਮਾਰੀ, ਨੀਤੂ, ਰਾਜੀਵ ਕੁਮਾਰ, ਗੌਰਵ ਸ਼ਰਮਾ, ਨਵਨੀਤ ਕੌਰ, ਸੰਨੀ ਕੁਮਾਰ, ਸੁਭਾਸ਼ ਕੁਮਾਰ, ਦਲਬੀਰ ਚੰਦ ਅਤੇ ਰਾਕੇਸ਼ ਤੋਂ ਇਲਾਵਾ ਸਕੂਲ ਦੇ ਬੱਚੇ ਹਾਜ਼ਰ ਸਨ।