ਜੀਰਕਪੁਰ 21 ਸਤੰਬਰ ਵਿੱਕੀ ਭਬਾਤ
ਅਣਪਛਾਤੇ ਚੋਰ 73 ਬੀ ਯਮੁਨਾ ਇਨਕਲੇਵ ਕਲੌਨੀ ਦੇ ਬੰਦ ਮਕਾਨ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਕੇ ਲੈ ਗਏ ਘਰ ਦਾ ਮਾਲਕ ਇਸ ਸਮੇ ਆਪਣੀ ਮਾਤਾ ਨੂੰ ਮਿਲ ਆਸਟ੍ਰੇਲੀਆਂ ਗਿਆ ਹੋੲਆ ਹੈ। ਜਦੋਂ ਬੀਤੀ ਸ਼ਾਮ ਉਨਾਂ ਦਾ ਰਿਸ਼ਤੇਦਾਰ ਘਰ ਦੀ ਜਾਂਚ ਕਰਨ ਆਇਆ ਤਾਂ ਉਸ ਨੂੰ ਚੋਰੀ ਸਬੰਧੀ ਪਤਾ ਲੱਗਿਆ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਰਾਹੁਲ ਬੂਟਾ ਵਾਸੀ ਮਕਾਨ ਨੰਬਰ 214, ਯਮੁਨਾ ਇਨਕਲੇਵ ਜੀਰਕਪੁਰ ਨੇ ਦੱਸਿਆ ਕਿ ਉਹ ਬੀਤੇ ਕਰੀਬ ਡੇਢ ਮਹੀਨੇ ਤੋਂ ਅਸਟ੍ਰੇਲੀਆ ਆਇਆ ਹੋਇਆ ਹੈ ਇਸ ਦੌਰਾਨ ਬੀਤੀ ਸ਼ਾਮ ਕਰੀਬ 5 ਵਜੋ ਜਦੋਂ ਉਨਾਂ ਦਾ ਰਿਸ਼ਤੇਦਾਰ ਘਰ ਦੀ ਜਾਂਚ ਕਰਨ ਆਇਆ ਤਾਂ ਘਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਘਰ ਦਾ ਸਮਾਨ ਖਿਲਰਿਆ ਹੋਇਆ ਸੀ। ਉਸਨੇ ਦੱਸਿਆ ਕਿ ਚੋਰ ਘਰ ਵਿੱਚ ਲੱਗੀਆਂ ਤਿੰਨ ਐਲ ਈ ਡੀਆਂ, ਇੱਕ ਓਵਨ, ਪੁਰਾਤਨ ਸਿੱਕੇ ਅਤੇ ਦੋ ਸਲੰਡਰਾਂ ਤੋਂ ਇਲਾਵਾ ਖਾਣ ਪੀਣ ਦਾ ਸਮਾਨ ਚੋਰੀ ਕਰਕੇ ਲੈ ਗਏ। ਉਸ ਨੇ ਦੱਸਿਆ ਕਿ ਚੋਰੀ ਦੇ ਸਮਾਨ ਦੀ ਕੀਮਤ ਕਰੀਬ 2 ਲੱਖ ਰੁਪਏ ਬਣਦੀ ਹੈ। ਉਸ ਨੇ ਦੱਸਿਆ ਕਿ ਉਨਾਂ ਵੱਲੋਂ ਘਰ ਵਿੱਚ ਕੋਈ ਨਗਦੀ ਅਤੇ ਗਹਿਣੇ ਨਹੀ ਰੱਖੇ ਹੋਏ ਸਨ ਨਹੀ ਤਾਂ ਹੋਰ ਜਿਆਦਾਂ ਨੁਕਸਾਨ ਹੋ ਜਾਣਾ ਸੀ। ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਅਰੰਭ ਕਰ ਦਿੱਤੀ ਹੈ।