ਬਟਾਲਾ, 21 ਸਤੰਬਰ (ਬੀ.ਐਸ.ਬਾਜਵਾ) -
ਸੂਬੇ ਅੰਦਰ ਦਿਨ ਪ੍ਰਤੀ ਦਿਨ ਵੱਧ ਰਹੇ ਨਸ਼ੇ ਦੇ ਕਹਿਰ ਨੂੰ ਰੋਕਣ ਦੇ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਪੂਰੀ ਸੰਜੀਦਗੀ ਦੇ ਨਾਲ ਯਤਨ ਕਰਨੇ ਪੈਣਗੇ ਤਾਂ ਜੋ ਆਪਣੀ ਨੌਜਵਾਨ ਪੀੜੀ ਨੂੰ ਨਸ਼ੇ ਦੇ ਦੈਂਤ ਤੋਂ ਬਚਾਇਆ ਜਾ ਸਕੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਐਨ.ਆਰ.ਆਈ ਸਾਬ ਬੂਲੇਵਾਲੀਆ ਨੇ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਸਾਨੂੰ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਜਾਗਰੂਕ ਹੋਣਾ ਪਵੇਗਾ ਤਾਂ ਜੋ ਨਸ਼ੇ ਦੀ ਸਪਲਾਈ ਕਰਨ ਵਾਲੇ ਗੈਰ ਸਮਾਜੀ ਅਨਸਰਾਂ ਨੂੰ ਸਖਤੀ ਦੇ ਨਾਲ ਕਾਬੂ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਸਰਕਾਰਾਂ ਅਤੇ ਪੁਲਿਸ ਦੇ ਮੂੰਹ ਵੱਲ ਵੇਖਣ ਦੀ ਬਜਾਏ ਸਾਨੂੰ ਆਪ ਹੀ ਯਤਨ ਕਰਨੇ ਪੈਣਗੇ ਤਾਂ ਜੋ ਨਸ਼ੇ ਨੂੰ ਖਤਮ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਇਲਾਕਿਆਂ ਦੇ ਅੰਦਰ ਠੀਕਰੀ ਪਹਿਰੇ ਲਗਾਉਣੇ ਚਾਹੀਦੇ ਹਨ, ਤਾਂ ਜੋ ਬਾਹਰ ਤੋਂ ਆ ਕੇ ਪਿੰਡਾਂ ਅਤੇ ਮੁਹੱਲਿਆਂ ਦੇ ਵਿੱਚ ਨਸ਼ਾ ਵੇਚਣ ਵਾਲਿਆਂ ਨੂੰ ਕਾਬੂ ਕਰਕੇ ਪੁਲਸ ਦੇ ਹਵਾਲੇ ਕੀਤਾ ਜਾ ਸਕੇ। ਨਸ਼ਾ ਅੱਜ ਸਮਾਜ ਨੂੰ ਘੁਣ ਵਾਂਗ ਖਾ ਰਿਹਾ ਹੈ ਤੇ ਹੱਸਦੇ ਵੱਸਦੇ ਘਰ ਪਰਿਵਾਰ ਤਬਾਹ ਅਤੇ ਬਰਬਾਦ ਹੋ ਰਹੇ ਹਨ। ਸਾਨੂੰ ਸਾਰਿਆਂ ਨੂੰ ਜਾਗਰੂਕ ਹੋ ਕੇ ਨਸ਼ਿਆਂ ਦੇ ਖਿਲਾਫ ਜੰਗ ਦਾ ਐਲਾਨ ਕਰਨਾ ਪਵੇਗਾ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ।