ਭਵਾਨੀਗੜ੍ਹ, 24 ਸਤੰਬਰ (ਰਾਜ ਖੁਰਮੀ)-
ਪਿੰਡ ਭਰਾਜ ਵਿਖੇ ਮੰਗਲਵਾਰ ਸਵੇਰੇ ਇਕ ਵੱਡੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਵਿਅਕਤੀ ਨੇ ਆਪਣੇ ਘਰ ਵਿਚ ਪਈ ਲਾਇਸੰਸੀ ਪਿਸਤੌਲ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਲਿਆ। ਸ਼ੁਰੂਆਤੀ ਜਾਂਚ 'ਚ ਪੁਲਸ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਮੰਨ ਰਹੀ ਹੈ। ਹਾਲਾਂਕਿ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਕੁੱਝ ਵੀ ਪਤਾ ਨਹੀਂ ਲੱਗ ਸਕਿਆ ਹੈ।
ਇਸ ਸਬੰਧੀ ਪੁਲਸ ਚੌਕੀ ਕਾਲਾਝਾੜ ਦੇ ਏ.ਐੱਸ.ਆਈ. ਦਰਸ਼ਨ ਸਿੰਘ ਨੇ ਦੱਸਿਆ ਕਿ ਘਟਨਾ ਅੱਜ ਸਵੇਰੇ ਸਾਢੇ ਸੱਤ ਵਜੇ ਵਾਪਰੀ। 40 ਸਾਲਾ ਨੈਬ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਪਿੰਡ ਭਰਾਜ ਆਪਣੇ ਮਾਤਾ-ਪਿਤਾ, ਪਤਨੀ ਤੇ ਦੋ ਮਾਸੂਮ ਬੱਚਿਆਂ ਨਾਲ ਘਰ ਵਿੱਚ ਮੌਜੂਦ ਸੀ। ਪਰਿਵਾਰ ਅਨੁਸਾਰ ਸਵੇਰੇ ਉੱਠ ਕੇ ਨੈਬ ਸਿੰਘ ਦੰਦ ਸਾਫ਼ ਕਰਨ ਮਗਰੋੰ ਇਕ ਵੱਖਰੇ ਕਮਰੇ ਵਿਚ ਚਲਾ ਗਿਆ ਜਿੱਥੇ ਅਚਾਨਕ ਉਸ ਨੇ 32 ਬੋਰ ਦੇ ਲਾਇਸੈਂਸੀ ਪਿਸਤੌਲ ਨਾਲ ਆਪਣੇ ਮੱਥੇ 'ਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਤੇ ਨੈਬ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਏ.ਐੱਸ.ਆਈ. ਦਰਸ਼ਨ ਸਿੰਘ ਨੇ ਦੱਸਿਆ ਕਿ ਮਿ੍ਰਤਕ ਖੇਤੀਬਾੜੀ ਕਰਨ ਦੇ ਨਾਲ-ਨਾਲ ਪਿੰਡ ਚੰਨੋਂ ਦੀ ਇੱਕ ਫੈਕਟਰੀ ਵਿੱਚ ਪੱਕੇ ਤੌਰ ’ਤੇ ਨੌਕਰੀ ਵੀ ਕਰਦਾ ਸੀ। ਪੁਲਸ ਨੂੰ ਘਟਨਾ ਵਾਲੀ ਥਾਂ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਤੇ ਪਿਸਤੌਲ ਨੂੰ ਆਪਣੇ ਕਬਜ਼ੇ 'ਚ ਲੈੰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ ਫਿਲਹਾਲ ਮਾਮਲੇ ਸਬੰਧੀ ਪੁਲਸ ਵੱਲੋੰ ਪਰਿਵਾਰ ਦੇ ਬਿਆਨਾਂ 'ਤੇ ਆਧਾਰ 'ਤੇ ਬੀ.ਐੱਨ.ਐੱਸ 194 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।