ਤਪਾ ਮੰਡੀ 3 ਅਕਤੂਬਰ(ਯਾਦਵਿੰਦਰ ਸਿੰਘ ਤਪਾ)-
ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਲਗਾਤਾਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਪਿੰਡਾਂ ’ਚ ਲਗਾਤਾਰ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਇਸੇ ਲੜੀ ਤਹਿਤ ਡੀ.ਐਸ.ਪੀ ਜਤਿੰਦਰਪਾਲ ਸਿੰਘ ਵੱਲੋਂ ਨਜ਼ਦੀਕੀ ਪਿੰਡ ਢਿਲਵਾਂ ਵਿਖੇ ਕਿਸਾਨਾਂ ਨਾਲ ਇੱਕ ਮੀਟਿੰਗ ਕੀਤੀ। ਜਿਸ ਵਿਚ ਉਹਨਾਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਅਤੇ ਪੰਚਾਇਤੀ ਚੋਣਾਂ ’ਚ ਭਾਈਚਾਰਕ ਸਾਂਝ ਬਣਾਏ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਈ ਜਾਵੇ। ਅੱਗ ਲਾਉਣ ਨਾਲ ਨੁਕਸਾਨ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ ਅਤੇ ਹਵਾ ਵਿਚ ਧੂੰਏ ਨਾਲ ਬਹੁਤ ਪ੍ਰਦੂਸ਼ਣ ਫੈਲਦਾ ਹੈ। ਅਜਿਹਾ ਕਰਨ ਨਾਲ ਆਲੇ ਦੁਆਲੇ ਖੜੀ ਫਸਲ ਜਾਂ ਪਿੰਡ ਵਿਚ ਵੀ ਅੱਗ ਲੱਗਣ ਦਾ ਡਰ ਰਹਿੰਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਸਾਨਾਂ ਨੂੰ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ’ਚ ਭਰਪੂਰ ਸਹਿਯੋਗ ਦੇਣ ਦੀ ਅਪੀਲ ਕੀਤੀ ਅਤੇ ਨਾਲ ਹੀ ਕਿਹਾ ਕਿ ਉਹ ਪੰਚਾਇਤੀ ਚੋਣਾਂ ’ਚ ਭਾਈਚਾਰਕ ਸਾਂਝ ਬਣਾ ਕੇ ਰੱਖਣ। ਇਸ ਮੌਕੇ ਥਾਣਾ ਤਪਾ ਦੇ ਮੁਖੀ ਇੰਸਪੈਕਟਰ ਸੰਦੀਪ ਸਿੰਘ, ਸਹਾਇਕ ਥਾਣੇਦਾਰ ਗੁਰਤੇਜ ਸਿੰਘ ਤੋਂ ਇਲਾਵਾ ਕੁਲਵਿੰਦਰ ਸਿੰਘ ਕਿੰਦੀ ਢਿਲਵਾਂ, ਮੈਨੇਜਰ ਗੁਰਜੰਟ ਸਿੰਘ ਢਿਲਵਾਂ,ਮੱਖਣ ਸਿੰਘ,ਭਾਕਿਯੂ ਆਗੂ ਗੋਰਾ ਸਿੰਘ,ਅੰਮ੍ਰਿਤਪਾਲ ਸਿੰਘ ਢਿਲਵਾਂ,ਸਾਬਕਾ ਸਰਪੰਚ ਸੁਖਦੇਵ ਸਿੰਘ, ਜਗਤਾਰ ਸਿੰਘ, ਸਾਬਕਾ ਸਰਪੰਚ ਗੁਰਨਾਮ ਸਿੰਘ ਢਿਲਵਾਂ, ਆਦਿ ਵੱਡੀ ਗਿਣਤੀ ’ਚ ਕਿਸਾਨ ਮੌਜੂਦ ਸਨ।