ਬਰਨਾਲਾ, 8 ਅਕਤੂਬਰ (ਧਰਮਪਾਲ ਸਿੰਘ)-
ਸਿਹਤ ਵਿਭਾਗ ਬਰਨਾਲਾ ਵੱਲੋਂ ਜ਼ਿਲ੍ਹਾ ਬਰਨਾਲਾ ਵਿੱਚ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਦੀ ਅਗਵਾਈ ਹੇਠ ਸਿਹਤ ਸੁਰੱਖਿਆ ਸਬੰਧੀ ਕਦਮ ਚੁੱਕੇ ਜਾ ਰਹੇ ਹਨ। ਇਸ ਤਹਿਤ ਮੈਡੀਕਲ ਸਟੋਰਾਂ 'ਤੇ ਆਮ ਵਿਕ ਰਹੀਆਂ ਗਰਭਪਾਤ ( ਐਮ.ਟੀ.ਪੀ. ਕਿੱਟ) ਦੀਆਂ ਦਵਾਈਆਂ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ. ਤਪਿੰਦਰਜੋਤ ਕੌਸ਼ਲ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਵਲੋਂ ਉਨ੍ਹਾਂ ਮੈਡੀਕਲ ਸਟੋਰਾਂ ਜੋ ਗੈਰ ਕਾਨੂੰਨੀ ਢੰਗ ਨਾਲ ਗਰਭਪਾਤ ਵਾਲੀਆਂ ਕਿੱਟਾਂ (ਐਮ.ਟੀ.ਪੀ.) ਵੇਚਣ ਦਾ ਕੰਮ ਕਰਦੇ ਹਨ ਦੇ ਵਿੱਰੁਧ ਬਣਦੀ ਕਾਰਵਾਈ ਕੀਤੀ ਜਾਵੇਗੀ। ਡਾ. ਜੋਤੀ ਕੌਸ਼ਲ ਨੇ ਦੱਸਿਆ ਕਿ ਕੋਈ ਵੀ ਗਰਭਪਾਤ (ਐਮ.ਟੀ.ਪੀ.. ਕਿੱਟ ) ਦਵਾਈ ਬਿਨਾਂ ਕਿਸੇ ਔਰਤ ਰੋਗਾਂ ਮਾਹਿਰ ਦੀ ਪਰਚੀ ਤੋਂ ਵੇਚਣੀ ਗੈਰ ਕਾਨੂੰਨੀ ਹੈ। ਉਨ੍ਹਾਂ ਦੱਸਿਆ ਕਿ ਹਰ ਮੈਡੀਕਲ ਸਟੋਰ ਨੂੰ ਇਸ ਗਰਭਪਾਤ (ਐਮ.ਟੀ.ਪੀ. ਕਿੱਟ) ਦੀ ਦਵਾਈ ਦੀ ਖਰੀਦ ਅਤੇ ਵੇਚਣ ਦਾ ਮੁਕੰਮਲ ਰਿਕਾਰਡ ਅਤੇ ਸੰਬੰਧਿਤ ਡਾਕਟਰ ਦੀ ਪਰਚੀ ਦੀ ਫੋਟੋ ਕਾਪੀ ਦਾ ਰਿਕਾਰਡ ਰੱਖਣਾ ਲਾਜ਼ਮੀ ਹੋਵੇਗਾ ਜਿਸ ਦੀ ਕਿਸੇ ਵੇਲੇ ਵੀ ਅਚਨਚੇਤ ਚੈਕਿੰਗ ਹੋ ਸਕਦੀ ਹੈ ਅਤੇ ਇਸ ਸਬੰਧੀ ਡਰੱਗ ਇੰਸਪੈਕਟਰ ਬਰਨਾਲਾ ਨੁੰ ਜ਼ਰੂਰੀ ਹਦਾਇਤ ਜਾਰੀ ਕਰ ਦਿੱਤੀਆਂ ਗਈਆਂ ਹਨ। ਡਾ. ਪ੍ਰਵੇਸ਼ ਕੁਮਾਰ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਬਰਨਾਲਾ ਨੇ ਦੱਸਿਆ ਕਿ ਗਰਭਪਾਤ ਦੀ ਦਵਾਈ ਦੇ ਨੁਕਸਾਨ ਬਹੁਤ ਹੁੰਦੇ ਹਨ ਅਤੇ ਇਸਦੇ ਨਤੀਜੇ ਜਾਨਲੇਵਾ ਵੀ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਈ ਵਾਰ ਜੇਕਰ ਗਲਤੀ ਨਾਲ ਗ਼ਲਤ ਗਰਭਪਾਤ ਦਵਾਈ ( ਐਮ.ਟੀ.ਪੀ. ਕਿੱਟ) ਖਾ ਲਈ ਜਾਵੇ ਤਾਂ ਟਿਊਬ ਦੇ ਫਟਣ ਕਾਰਨ ਐਮ.ਟੀ.ਪੀ. ਕਿੱਟ ਖਾਣ ਵਾਲੇ ਦੀ ਮੌਤ ਵੀ ਹੋ ਸਕਦੀ ਹੈ। ਇਸ ਲਈ ਗਰਭਪਾਤ ਦੀ ਦਵਾਈ ਡਾਕਟਰੀ ਸਲਾਹ ਨਾਲ ਹੀ ਲਈ ਜਾਵੇ।