ਸ੍ਰੀ ਫ਼ਤਹਿਗੜ੍ਹ ਸਾਹਿਬ/ 8 ਅਕਤੂਬਰ:
(ਰਵਿੰਦਰ ਸਿੰਘ ਢੀਂਡਸਾ)
ਇਮਾਨਦਾਰੀ ਦਾ ਢੋਂਗ ਰਚ ਕੇ ਪੰਜਾਬ ਵਿੱਚ ਸੱਤਾ 'ਤੇ ਕਾਬਜ਼ ਹੋਈ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਚਾਇਤੀ ਚੋਣਾਂ ਦੌਰਾਨ ਆਪਣੇ ਉਮੀਦਵਾਰਾਂ ਨੂੰ ਬਿਨਾਂ ਮੁਕਾਬਲਾ ਜੇਤੂ ਐਲਾਨਣ ਲਈ ਵੱਡੇ ਪੱਧਰ 'ਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰਵਾ ਕੇ ਧੱਕੇਸ਼ਾਹੀਆਂ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ।ਉਪਰੋਕਤ ਦੋਸ਼ ਸਰਹਿੰਦ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਜਪਾ ਦੇ ਜ਼ਿਲਾ ਪ੍ਰਧਾਨ ਦੀਦਾਰ ਸਿੰਘ ਭੱਟੀ ਨੇ ਲਗਾਏ।ਦੀਦਾਰ ਸਿੰਘ ਭੱਟੀ ਨੇ ਪਿੰਡ ਰਿਉਣਾ,ਪਿੰਡ ਸਾਨੀਪੁਰ,ਪਿੰਡ ਮਲਕੋਮਾਜਰਾ ਅਤੇ ਹੋਰ ਕਈ ਪਿੰਡਾਂ ਨਾਲ ਸਬੰਧਿਤ ਪਾਰਟੀ ਉਮੀਦਵਾਰਾਂ ਨੂੰ ਪੱਤਰਕਾਰਾਂ ਸਾਹਮਣੇ ਪੇਸ਼ ਕੀਤਾ।ਜਿਨਾਂ ਨੇ ਦੋਸ਼ ਲਗਾਏ ਕਿ ਉਨਾਂ ਨੇ ਆਪੋ-ਆਪਣੇ ਪਿੰਡਾਂ ਵਿੱਚ ਸਰਪੰਚੀ ਅਤੇ ਮੈਂਬਰੀ ਦੀ ਚੋਣ ਲੜਨ ਲਈ ਕਾਗਜ਼ ਦਾਖਲ ਕੀਤੇ ਸਨ ਪਰ ਸੱਤਾਧਾਰੀ ਆਗੂਆਂ ਨੇ ਆਪਣੇ ਚਹੇਤਿਆਂ ਨੂੰ ਜੇਤੂ ਐਲਾਨਣ ਲਈ ਉਨਾਂ ਉੱਤੇ ਪੰਚਾਇਤੀ ਜਗ੍ਹਾ 'ਤੇ ਕਾਬਜ਼ ਹੋਣ ਦੇ ਝੂਠੇ ਅਤੇ ਬੇਬੁਨਿਆਦ ਦੋਸ਼ ਲਗਾ ਕੇ ਉਨਾਂ ਦੇ ਕਾਗਜ਼ ਰੱਦ ਕਰਵਾ ਦਿੱਤੇ ਗਏ ਹਨ।ਸੁਰਿੰਦਰ ਸਿੰਘ ਵਾਸੀ ਪਿੰਡ ਰਿਉਣਾ ਉੱਚਾ ਨੇ ਇੱਕ ਪੱਤਰ ਦਿਖਾਉਂਦੇ ਹੋਏ ਦੋਸ਼ ਲਗਾਏ ਕਿ ਉਸਦੇ ਕਾਗਜ਼ ਇਸ ਝੂਠੀ ਸ਼ਿਕਾਇਤ ਦੇ ਆਧਾਰ 'ਤੇ ਰੱਦ ਕੀਤੇ ਗਏ ਹਨ ਜਿਸ ਵਿੱਚ ਸ਼ਿਕਾਇਤਕਰਤਾ ਦੇ ਦਸਤਖਤ ਤੱਕ ਵੀ ਨਹੀਂ ਹਨ।ਦੀਦਾਰ ਸਿੰਘ ਭੱਟੀ ਨੇ ਪਾਰਟੀ ਉਮੀਦਵਾਰਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਚੱਟਾਨ ਦੀ ਤਰ੍ਹਾਂ ਉਨਾਂ ਦੇ ਨਾਲ ਖੜ੍ਹੇ ਹਨ ਤੇ ਇਸ ਧੱਕੇਸ਼ਾਹੀ ਦੇ ਖਿਲਾਫ ਉਹ ਜਲਦ ਹੀ ਅਦਾਲਤ ਦਾ ਦਰਵਾਜ਼ਾ ਵੀ ਖੜਕਾਉਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਦੀਪ ਸਹੋਤਾ,ਹਰੀਸ਼ ਅਗਰਵਾਲ,ਪਰਵਿੰਦਰ ਸਿੰਘ ਦਿਓਲ,ਕਮਲਜੀਤ ਸਿੰਘ ਸਾਨੀਪੁਰ,ਗੁਰਮੁੱਖ ਸਿੰਘ,ਬਲਵੀਰ ਸਿੰਘ ਧਾਰਨੀ,ਗੁਰਪ੍ਰੀਤ ਸਿੰਘ ਮਲਕੋਮਾਜਰਾ,ਪਰਮਜੀਤ ਕੌਰ ਸਾਨੀਪੁਰ,ਧਰਮਿੰਦਰ ਕੁਮਾਰ,ਸੰਦੀਪ ਗਾਬਾ ਆਦਿ ਪਾਰਟੀ ਵਰਕਰ ਅਤੇ ਅਹੁਦੇਦਾਰ ਵੀ ਮੌਜ਼ੂਦ ਸਨ।