ਸ੍ਰੀ ਫ਼ਤਹਿਗੜ੍ਹ ਸਾਹਿਬ/8 ਅਕਤੂਬਰ:
(ਰਵਿੰਦਰ ਸਿੰਘ ਢੀਂਡਸਾ)
ਰਿਮਟ ਸਕੂਲ ਆਫ਼ ਲੀਗਲ ਸਟੱਡੀਜ਼ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਤਹਿਗੜ੍ਹ ਸਾਹਿਬ ਦੇ ਸਹਿਯੋਗ ਨਾਲ 8 ਅਕਤੂਬਰ, 2024 ਨੂੰ ਮਹਿਲਾ ਸਸ਼ਕਤੀਕਰਨ 'ਤੇ ਇੱਕ ਵਿਸ਼ੇਸ਼ਵਰਕਸ਼ਾਪ ਕਰਵਾਈ ਗਈ।ਇਸ ਵਰਕਸ਼ਾਪ ਦਾ ਪ੍ਰਬੰਧ ਅਰੁਣ ਗੁਪਤਾ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਤਹਿਗੜ੍ਹ ਸਾਹਿਬ ਦੀ ਅਗਵਾਈ ਹੇਠ ਕੀਤਾ ਗਿਆ। ਜਿਸ ਵਿੱਚ ਕਾਰਜਕਾਰੀ ਅਧਿਕਾਰੀ ਦੀਪਤੀ ਗੋਇਲ, ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਤਹਿਗੜ੍ਹ ਸਾਹਿਬ ਨੇ ਇਸ ਵਰਕਸ਼ਾਪ ਰਾਹੀਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਸਮਾਗਮ ਵਿੱਚ ਸ਼ਾਮਿਲ ਆਂਗਣਵਾੜੀ ਵਰਕਰਾਂ ਨਾਲ ਭਵਿੱਖੀ ਮੁਸਕਿਲਾਂ ਬਾਰੇ ਗੱਲਬਾਤ ਕਰਦੇ ਹੋਏ ਮੰਜਿਲ ਪ੍ਰਾਪਤੀ ਦੇ ਨੁਕਤਿਆਂ ਉਪਰ ਚਰਚਾ ਕੀਤੀ ਗਈ। ਇਸ ਇੱਕ ਰੋਜ਼ਾ ਵਰਕਸ਼ਾਪ ਵਿੱਚ ਕਈ ਕਾਨੂੰਨੀ ਮਾਹਿਰਾਂ ਨੇ ਭਾਗ ਲਿਆ, ਜਿੰਨ੍ਹਾਂ ਨੇ ਨਿੱਜੀ ਅਤੇ ਪੇਸ਼ੇਵਰ ਜੀਵਨ ਵਿੱਚ ਸੰਤੁਲਨ ਕਾਇਮ ਕਰਦੇ ਹੋਏ ਮਾਨਸਿਕ ਅਤੇ ਵਿੱਤੀ ਤੌਰ 'ਤੇ ਕੰਮਜੋਰ ਔਰਤਾਂ ਦੀਆਂ ਸਥਿਤੀਆਂ ਨੂੰ ਸੁਧਾਰਨ ’ਤੇ ਜੋਰ ਦੇਣ ਦੀ ਗੱਲ਼ ਆਖੀ।ਆਰ.ਐਸ.ਓ.ਐਲ.ਐਸ ਵਿਭਾਗ ਦੇ ਮੁਖੀ, ਡਾ. ਜੋਤੀ ਅੰਗਰੀਸ਼ ਦੀ ਅਗਵਾਈ ਵਿੱਚ ਚੱਲੇ ਸਮਾਗਮ ਵਿੱਚ ਡਾ. ਰਿੰਪੀ ਖੁਲਾਰ ਨੇ ਕੋਆਰਡੀਨੇਟਰ ਵੱਜੋਂ ਸੇਵਾ ਨਿਭਾਈ। ਇਵੈਂਟ ਇੰਚਾਰਜ ਸਾਰੂ ਸ਼ਰਮਾ ਵੱਲੋਂ ਆਂਗਣਵਾੜੀ ਵਰਕਰਾਂ ਨੂੰ ਉਹਨਾਂ ਦੇ ਕਾਨੂੰਨੀ ਹੱਕਾਂ ਬਾਰੇ ਜਾਗਰੂਕ ਕਰਦਿਆਂ ਉਹਨਾਂ ਨੂੰ ਜੀਵਨ ਵਿੱਚ ਆਉਂਦੀਆਂ ਸਮੱਸਿਆਵਾਂ ਦੇ ਹੱਲ ਕਰਨ ਦੇ ਨੁਕਤਿਆਂ ਉਪਰ ਰੋਸ਼ਨੀ ਪਾਈ ਗਈ। ਸੀਨੀਅਰ ਵਕੀਲ ਐਡਵੋਕੇਟ ਗੌਰਵ ਰਬੜ ਵੱਲੋਂ ਲੀਗਲ ਏਡ ਸੈੱਲ ਦੀ ਮਹੱਤਤਾ ਉਪਰ ਚਾਨਣ ਪਾਉਂਦੇ ਹੋਏ ਸਮਾਜ ਦੀਆਂ ਗਰੀਬ ਅਤੇ ਪਿਛੜ ਚੁੱਕੀਆਂ ਔਰਤਾਂ ਨੂੰ ਉੱਚਾ ਚੁੱਕਣ ਵਿੱਚ ਯੋਗਦਾਨ ਪਾਉਣ ਅਤੇ ਉਹਨਾਂ ਨੂੰ ਉਤਸਾਹਿਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਪਰੋਕਤ ਬੁਲਾਰਿਆਂ ਅਤੇ ਫੈਕਲਟੀ ਮੈਂਬਰਾਂ ਦਾ ਇਹ ਉਪਰਾਲਾ ਕਾਫੀ ਸਫਲ ਰਿਹਾ ਜਿਸ ਨੂੰ ਲੈ ਕੇ ਆਂਗਣਵਾੜੀ ਵਰਕਰਾਂ ਅਤੇ ਸਿੱਖਿਅਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਉਹਨਾਂ ਆਪਣੇ ਪੱਧਰ ਤੇ ਇਸ ਵਿਸ਼ੇ ਨੂੰ ਖੇਤਰੀ ਪੱਧਰ ਲੋਕਾਂ ਤੱਕ ਪਹੁੰਚਾਉਣ ਦੀ ਗੱਲ ਕਰਦਿਆ ਇਸ ਸਮਾਗਮ ’ਤੇ ਖੁਸ਼ੀ ਜ਼ਾਹਰ ਕੀਤੀ ਅਤੇ ਇਸ ਸਮਾਗਮ ਦੇ ਪ੍ਰਬੰਧ ਕਰਤਾਵਾਂ ਦਾ ਧੰਨਵਾਦ ਵੀ ਕੀਤਾ।