ਸ੍ਰੀ ਫ਼ਤਹਿਗੜ੍ਹ ਸਾਹਿਬ/11 ਅਕਤੂਬਰ:
(ਰਵਿੰਦਰ ਸਿੰਘ ਢੀਂਡਸਾ)
ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਫਾਰ ਐਡਵਾਂਸ ਸਟਡੀਜ਼ ਨੂੰ ਸਿੱਖਿਜ਼ਮ, ਬਹਾਦਰਗੜ੍ਹ ਸਾਹਿਬ ਵੱਲੋਂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 100 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਦੁਮਾਲਾ ਅਤੇ ਦਸਤਾਰ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਬੀ.ਏ. ਭਾਗ ਤੀਜਾ ਦੀ ਵਿਦਿਆਰਥਣ ਕੁਲਵਿੰਦਰ ਕੌਰ ਸਪੁੱਤਰੀ ਸ. ਹਰਬੰਸ ਸਿੰਘ ਨੇ 3100 ਰੁਪਏ ਦੀ ਨਕਦ ਰਾਸ਼ੀ ਸਹਿਤ ਪਹਿਲਾ ਇਨਾਮ ਹਾਸਿਲ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪ੍ਰਿਤ ਪਾਲ ਸਿੰਘ ਨੇ ਦੱਸਿਆ ਕਿ ਇਹ ਵਿਦਿਆਰਥੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਉਚੇਚੇ ਉਪਰਾਲੇ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੁਰੂ ਕੀਤੀ ਗਈ ਅੰਮ੍ਰਿਤਧਾਰੀ ਮੁਫਤ ਵਿੱਦਿਆ ਸਕੀਮ ਤਹਿਤ ਸਿੱਖਿਆ ਲੈ ਰਹੀ ਹੈ। ਉਹਨਾਂ ਕਿਹਾ ਕਿ ਮੈਰਿਟ ਅਤੇ ਗੁਰਸਿੱਖੀ ਰਹੁ-ਰੀਤ ਦੇ ਆਧਾਰ ਤੇ ਦਾਖਲ ਹੋਈਆਂ ਇਹ ਵਿਦਿਆਰਥਣਾਂ ਵਿਦਿਆ ਦੇ ਨਾਲ ਨਾਲ ਸਹਿ-ਗਤੀਵਿਧੀਆਂ ਵਿੱਚ ਵੀ ਯੂਨੀਵਰਸਟੀ ਦਾ ਨਾਂ ਰੌਸ਼ਨ ਕਰ ਰਹੀਆਂ ਹਨ। ਡੀਨ ਵਿਦਿਆਰਥੀ ਭਲਾਈ ਡਾ. ਸਿਕੰਦਰ ਸਿੰਘ ਨੇ ਇਸ ਮੌਕੇ ਖੁਸ਼ੀ ਜਾਹਰ ਕਰਦਿਆਂ ਦੱਸਿਆ ਕਿ ਅੰਮ੍ਰਿਤਧਾਰੀ ਵਿਦਿਆਰਥੀਆਂ ਦੀ ਆਮਦ ਨਾਲ ਯੂਨੀਵਰਸਿਟੀ ਅੰਦਰ ਗੁਰਸਿੱਖੀ ਦੇ ਵਾਤਾਵਰਨ ਵਿੱਚ ਉਸਾਰੂ ਵਾਧਾ ਹੋਇਆ ਹੈ। ਇਸ ਮੌਕੇ ਡਾ. ਹਰਦੇਵ ਸਿੰਘ ਮੁਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਅਕਾਦਮਿਕ ਸਿੱਖਿਆ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਗੁਰਬਾਣੀ ਪਾਠ ਅਤੇ ਦਸਤਾਰ ਤੇ ਗਤਕਾ ਸਿਖਲਾਈ ਆਦਿ ਪਰੰਪਰਾਗਤ ਵਿੱਦਿਆਵਾਂ ਨਾਲ ਵੀ ਜੋੜਿਆ ਜਾ ਰਿਹਾ ਹੈ।