ਸ਼੍ਰੀ ਫ਼ਤਹਿਗੜ੍ਹ ਸਾਹਿਬ/14 ਅਕਤੂਬਰ:
(ਰਵਿੰਦਰ ਸਿੰਘ ਢੀਂਡਸਾ)
ਜ਼ਿਲ੍ਹੇ ਦੇ ਪਿੰਡ ਗੜੋਲੀਆਂ ਵਿਖੇ ਹੋਈਆਂ ਮੌਤਾਂ ਬਾਰੇ ਸਿਵਲ ਸਰਜਨ, ਡਾ. ਦਵਿੰਦਰਜੀਤ ਕੌਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਮਾਰਚ 2023 ਤੋਂ ਲੈ ਕੇ ਹੁਣ ਤੱਕ ਡੇਂਗੂ ਦੇ 32 ਕੇਸ ਕਨਫਰਮ ਹੋਏ ਸਨ, ਜਿਨ੍ਹਾਂ ਵਿੱਚੋਂ 27 ਮਰੀਜ਼ ਠੀਕ ਹੋ ਗਏ ਹਨ ਅਤੇ ਕੇਵਲ ਪੰਜ ਐਕਟਿਵ ਮਰੀਜ਼ ਹਨ।ਉਹਨਾਂ ਨੇ ਦੱਸਿਆ ਕਿ ਪਿੰਡ ਗੜੋਲੀਆਂ ਵਿਖੇ ਅਲੱਗ-ਅਲੱਗ ਸਮੇਂ 'ਤੇ ਹੋਈਆਂ ਮੌਤਾਂ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੇਸ ਪਹਿਲਾਂ ਜ਼ਿਲ੍ਹਾ ਪੱਧਰੀ ਅਤੇ ਫਿਰ ਸੂਬਾ ਪੱਧਰੀ ਰੀਵਿਊ ਕਮੇਟੀ ਅੱਗੇ ਰੱਖਿਆ ਜਾਵੇਗਾ ਅਤੇ ਰੀਵਿਊ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਹੈ ਕਿ ਇਹ ਮੌਤਾਂ ਕਿਸ ਕਾਰਨ ਹੋਈਆਂ ਹਨ। ਉਹਨਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਅਜੇ ਤੱਕ ਡੇਂਗੂ ਨਾਲ ਅਧਿਕਾਰਤ ਤੌਰ 'ਤੇ ਕੋਈ ਮੌਤ ਨਹੀਂ ਹੋਈ, ਜਿਸ ਦੀ ਪੁਸ਼ਟੀ ਕੀਤੀ ਜਾ ਸਕੇ। ਸਿਵਲ ਸਰਜਨ ਨੇ ਦੱਸਿਆ ਕਿ ਸਾਰੇ ਪਿੰਡ ਦਾ ਫੀਵਰ ਸਰਵੇਅ ਕੀਤਾ ਗਿਆ ਹੈ ਅਤੇ ਬੁਖਾਰ ਦੇ ਸ਼ੱਕੀ ਮਰੀਜ਼ਾਂ ਦੀਆਂ 62 ਬਲੱਡ ਸਲਾਈਡਾਂ ਬਣਵਾ ਕੇ ਟੈਸਟ ਲਈ ਭੇਜੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਪਿੰਡ ਵਿੱਚ ਕੀਤੇ ਗਏ ਡੇਂਗੂ ਦੇ ਟੈਸਟਾਂ ਵਿੱਚੋਂ ਸਿਰਫ 2 ਵਿਅਕਤੀ ਹੀ ਡੇਂਗੂ ਪੌਜ਼ੇਟਿਵ ਨਿਕਲੇ ਸਨ, ਜੋ ਕਿ ਹੁਣ ਬਿਲਕੁਲ ਠੀਕ ਹੋ ਚੁੱਕੇ ਹਨ।ਡਾ. ਦਵਿੰਦਰਜੀਤ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਘਰਾਂ ਦੀ ਚੈਕਿੰਗ ਦੌਰਾਨ ਕੂਲਰਾਂ, ਫਰਿਜਾਂ ਦੀਆਂ ਟਰੇਆਂ, ਗਮਲਿਆਂ, ਸਟੋਰ ਕੀਤੇ ਪਾਣੀ, ਪਾਣੀ ਦੇ ਕੰਟੇਨਰਾਂ ਅਤੇ ਹੋਰ ਥਾਵਾਂ 'ਤੇ ਮੱਛਰ ਦਾ ਲਾਰਵਾ ਮਿਲਿਆ ਸੀ, ਜਿਸ ਨੂੰ ਮੌਕੇ 'ਤੇ ਹੀ ਨਸ਼ਟ ਕਰਵਾਇਆ ਗਿਆ ਹੈ।ਉਹਨਾਂ ਨੇ ਦੱਸਿਆ ਕਿ ਟੀਮਾਂ ਵੱਲੋਂ ਪਿੰਡ ਵਾਸੀਆਂ ਨੂੰ ਆਪਣੇ ਆਲੇ-ਦੁਆਲੇ ਦੀ ਸਾਫ ਸਫਾਈ ਰੱਖਣ ਲਈ ਪ੍ਰੇਰਿਤ ਕੀਤਾ ਗਿਆ ਹੈ ਅਤੇ ਨਾਲ ਹੀ ਡੇਂਗੂ, ਮਲੇਰੀਆ ਅਤੇ ਹੋਰ ਬਿਮਾਰੀਆਂ ਦੀਆਂ ਨਿਸ਼ਾਨੀਆਂ ਦੱਸ ਕੇ ਉਹਨਾਂ ਤੋਂ ਬਚਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।