ਸ੍ਰੀ ਫ਼ਤਹਿਗੜ੍ਹ ਸਾਹਿਬ/14 ਅਕਤੂਬਰ:
(ਰਵਿੰਦਰ ਸਿੰਘ ਢੀਂਡਸਾ)
ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਰਿਤਾ ਦੀ ਅਗਵਾਈ ਹੇਠ ਨਸ਼ਾ ਛੁਡਾਊ ਕੇਂਦਰ ਫਤਿਹਗੜ੍ਹ ਸਾਹਿਬ ਵਿਖੇ "ਵਿਸ਼ਵ ਮਾਨਸਿਕ ਦਿਵਸ" ਮਨਾਇਆ ਗਿਆ। ਇਸ ਮੌਕੇ ਤੇ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਪੋਸਟਰ ਜਾਰੀ ਕੀਤਾ ਗਿਆ ਅਤੇ ਸਿਵਲ ਸਰਜਨ ਵੱਲੋਂ ਜਾਗਰੂਕਤਾ ਰੈਲੀ ਨੂੰ ਵੀ ਹਰੀ ਝੰਡੀ ਦਿੱਤੀ ਗਈ, ਨਰਸਿੰਗ ਕਾਲਜ ਮੋਹਾਲੀ ਦੇ ਵਿਦਿਆਰਥੀਆਂ ਵੱਲੋਂ ਰੈਲੀ ਦੇ ਰੂਪ ਵਿੱਚ ਵੱਖ-ਵੱਖ ਥਾਵਾਂ ਤੇ ਜਾ ਕੇ ਆਮ ਲੋਕਾਂ ਨੂੰ ਮਾਨਸਿਕ ਰੋਗਾਂ ਸਬੰਧੀ ਜਾਗਰੂਕ ਕੀਤਾ। ਇਸ ਮੌਕੇ ਤੇ ਮਾਨਸਿਕ ਸਿਹਤ ਸਬੰਧੀ ਜਾਣਕਾਰੀ ਦਿੰਦਿਆਂ ਡਾ ਦਵਿੰਦਰਜੀਤ ਕੌਰ ਨੇ ਦੱਸਿਆ ਕਿ ਵਿਸ਼ਵ ਮਾਨਸਿਕ ਦਿਵਸ ਨੂੰ ਮਨਾਉਣ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਮਾਨਸਿਕ ਰੋਗਾਂ ਸਬੰਧੀ ਜਾਗਰੂਕ ਕਰਨਾ ਹੈ। ਉਹਨਾਂ ਕਿਹਾ ਕਿ ਇਹ ਰੋਗ ਕਿਸੇ ਨੂੰ ਵੀ ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ,ਪਰ ਇਹ ਇਲਾਜ ਯੋਗ ਹੈ। ਇਸ ਲਈ ਇਸ ਨੂੰ ਛੁਪਾਉਣਾ ਨਹੀਂ ਚਾਹੀਦਾ ਸਗੋਂ ਇਸ ਬਾਰੇ ਆਪਣੇ ਡਾਕਟਰ ਅਤੇ ਰਿਸ਼ਤੇਦਾਰਾਂ ਜਾਂ ਪਰਿਵਾਰਿਕ ਮੈਂਬਰਾਂ ਵਿੱਚ ਖੁੱਲ ਕੇ ਦੱਸਣਾ ਚਾਹੀਦਾ ਹੈ, ਕਿਉਂਕਿ ਛੁਪਾਉਣ ਨਾਲ ਇਹ ਘਾਤਕ ਹੋ ਸਕਦਾ ਹੈ। ਉਹਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਿਹਤ ਕੇਂਦਰਾਂ ਵਿੱਚ ਇਸ ਸਬੰਧੀ ਸੇਵਾਵਾਂ ਉਪਲਬਧ ਹਨ।ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਰਿਤਾ ਨੇ ਦੱਸਿਆ ਕਿ ਨਸ਼ਾ ਵੀ ਇੱਕ ਮਾਨਸਿਕ ਰੋਗ ਹੈ ਇਸ ਦੇ ਇਲਾਜ ਲਈ ਜ਼ਿਲਾ ਪੱਧਰ ਤੇ ਨਸ਼ਾ ਛੁਡਾਊ ਕੇਂਦਰ, ਮੁੜ ਵਸੇਬਾ ਕੇਂਦਰ ਅਤੇ ਓਟ ਸੈਂਟਰਾਂ ਰਾਹੀਂ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਲੋੜ ਪੈਣ ਤੇ ਸਾਨੂੰ ਨੇੜੇ ਦੇ ਸਿਹਤ ਕੇਂਦਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਹਨਾਂ ਇਹ ਵੀ ਕਿਹਾ ਕਿ ਮਾੜੀ ਸੰਗਤ, ਘਰਾਂ ਵਿੱਚ ਕਲੇਸ਼, ਨਸਾ, ਮਾੜੀ ਸੰਗਤ, ਆਦਿ ਇਸ ਰੋਗ ਦੇ ਕਾਰਨ ਹੁੰਦੇ ਹਨ ਇਸ ਲਈ ਇਹਨਾਂ ਤੋਂ ਬਚਣਾ ਚਾਹੀਦਾ ਹੈ ਅਤੇ ਸਾਨੂੰ ਅਗਾਂਹ ਵਧੂ ਵਿਚਾਰਾਂ ਦੇ ਧਾਰਨੀ ਬਣਨਾ ਚਾਹੀਦਾ ਹੈ।ਮਾਨਸਿਕ ਰੋਗਾਂ ਦੇ ਮਾਹਰ ਡਾ. ਸਨਪ੍ਰੀਤ ਕੌਰ ਨੇ ਰੋਗ ਦੇ ਚਿੰਨ, ਲੱਛਣ , ਨਿਸ਼ਾਨੀਆਂ ਅਤੇ ਰੋਗ ਦੇ ਇਲਾਜ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਹਨਾਂ ਇਹ ਵੀ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਤਨਾਓ ਮਹਿਸੂਸ ਹੋਵੇ , ਮਨ ਉਦਾਸ ਰਹਿੰਦਾ ਹੋਵੇ, ਨੀਂਦ ਨਾ ਆਉਂਦੀ ਹੋਵੇ, ਆਤਮ ਹੱਤਿਆ ਕਰਨ ਦੇ ਵਿਚਾਰ ਆਉਂਦੇ ਹੋਣ, ਤਾ ਉਸ ਨੂੰ ਬਿਨਾਂ ਦੇਰੀ ਕੀਤੇ ਮਾਨਸਿਕ ਰੋਗਾਂ ਦੇ ਮਾਹਰ ਡਾਕਟਰ ਕੋਲ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫਸਰ ਡਾ. ਕੇਡੀ ਸਿੰਘ, ਮਾਨਸਿਕ ਰੋਗਾਂ ਦੇ ਮਾਹਿਰ ਡਾ. ਰੀਤੂ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ ਜਸਵਿੰਦਰ ਕੌਰ ,ਗੁਰਦੀਪ ਸਿੰਘ, ਕੌਂਸਲਰ ਸਿਮਰਨ ਕੌਰ ਅਤੇ ਬਿਕਰਮ ਸਿੰਘ ਆਦਿ ਵੀ ਹਾਜ਼ਰ ਸਨ।