ਸ੍ਰੀ ਫ਼ਤਹਿਗੜ੍ਹ ਸਾਹਿਬ/16 ਅਕਤੂਬਰ:
(ਰਵਿੰਦਰ ਸਿੰਘ ਢੀਂਡਸਾ)
ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 354ਵਾਂ ਜਨਮ ਦਿਹਾੜਾ ਮਨਾਇਆ ਗਿਆ।ਮਿਤੀ 8 ਅਕਤੂਬਰ ਨੂੰ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਪਾਠ ਆਰੰਭ ਕਰਵਾਏ ਸਨ ਜਿਸ ਦੀ ਸੇਵਾ ਕਾਲਜ਼ ਦੇ ਵਿਦਿਆਰਥੀ ਅਤੇ ਸਟਾਫ ਵੱਲੋਂ ਆਪ ਸੇਵਾ ਕੀਤੀ ਗਈ।ਕਾਲਜ ਦੇ ਸਮੂਹ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਵੱਲੋਂ ਪ੍ਰਭਾਤ ਫੇਰੀਆਂ ਵੀ ਕੱਢੀਆਂ ਗਈਆਂ। ਅੱਜ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਗ੍ਰੰਥੀ ਸਾਹਿਬਾਨ ਭਾਈ ਗੁਰਜੰਟ ਸਿੰਘ ਜੀ ਵੱਲੋਂ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ,ਉਪਰੰਤ ਅਰਦਾਸ ਕੀਤੀ ਗਈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਇੰਦਰਪਾਲ ਸਿੰਘ ਜੀ ਵੱਲੋਂ ਸੰਗਤਾਂ ਨੂੰ ਰਸ ਭਿੰਨਾ ਕੀਰਤਨ ਸਰਵਣ ਕਰਵਾਇਆ ਗਿਆ ਉਪਰੰਤ ਭਾਈ ਜਗਤਾਰ ਸਿੰਘ ਜੀ ਦੁਆਰਾ ਕਥਾ ਕੀਤੀ ਗਈ। ਸਲਾਨਾ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਸਮੁੱਚੇ ਵਿਦਿਆਰਥੀ ਅਤੇ ਸਟਾਫ ਮੈਂਬਰਾਂ ਅਤੇ ਟਰੱਸਟੀ ਸਾਹਿਬਾਨਾਂ ਨੂੰ ਕਾਲਜ ਦੇ ਪ੍ਰਿੰਸੀਪਲ ਡਾਕਟਰ ਲਖਬੀਰ ਸਿੰਘ ਵੱਲੋਂ ਜੀ ਆਇਆ ਆਖਿਆ ਗਿਆ ਅਤੇ ਧੰਨਵਾਦ ਕਰਨ ਉਪਰੰਤ ਸਨਮਾਨਿਤ ਕੀਤਾ ਗਿਆ l ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ, ਜਥੇਦਾਰ ਜਗਦੀਪ ਸਿੰਘ ਚੀਮਾ ਕੌਮੀ ਜਨਰਲ ਸਕੱਤਰ ਹਲਕਾ ਇੰਚਾਰਜ ਸ੍ਰੀ ਫਤਿਹਗੜ੍ਹ ਸਾਹਿਬ, ਜਥੇਦਾਰ ਅਵਤਾਰ ਸਿੰਘ ਰਿਆ ਸਾਬਕਾ ਜੂਨੀਅਰ ਮੀਤ ਪ੍ਰਧਾਨ, ਬਾਰ ਐਸੋਸੀਏਸ਼ਨ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਅਮਰਦੀਪ ਸਿੰਘ ਧਾਰਨੀ ਅਤੇ ਜਥੇਦਾਰ ਮਨਮੋਹਨ ਸਿੰਘ ਮੁਕਾਰੋਂਪੁਰ ਸ਼ਹਿਰੀ ਪ੍ਰਧਾਨ ਜਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ, ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ।ਇਸ ਮੌਕੇ ਤੇ ਚਰਨਜੀਤ ਸਿੰਘ ਸੋਢੀ ਜੋ ਕੇ ਇੱਕ ਮਸ਼ਹੂਰ ਖੇਤੀਬਾੜੀ ਵਿਗਿਆਨੀ ਹਨ ਵੀ ਹਾਜ਼ਰ ਹੋਏ। ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਦਸਿਆ ਕਿ ਸੋਢੀ ਯੂਐਨਓ ਮਿਸ਼ਨ ਤੇ ਵੀ ਕੰਮ ਕਰ ਚੁੱਕੇ ਹਨ ਅਤੇ ਕਿਹਾ ਕਿ ਵਿਦਿਆਰਥੀਆਂ ਨੂੰ ਇਸ ਤਰਾਂ ਦੀਆਂ ਸ਼ਖਸ਼ੀਅਤਾਂ ਤੋਂ ਸੇਧ ਲੈਣੀ ਚਾਹੀਦੀ ਹੈ। ਅੰਤ ਵਿੱਚ ਜਗਦੀਪ ਸਿੰਘ ਚੀਮਾ ਵੱਲੋਂ ਆਈਆਂ ਹੋਈਆਂ ਸਮੁੱਚੀਆਂ ਸੰਗਤਾਂ ਅਤੇ ਟਰੱਸਟੀ ਸਾਹਿਬਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਲੈ ਕੇ ਮਾਧੋਦਾਸ ਬੈਰਾਗੀ ਤੋਂ ਬੰਦਾ ਸਿੰਘ ਬਹਾਦਰ ਬਣੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਜ਼ੁਲਮ ਖਿਲਾਫ਼ ਲੜਦਿਆਂ ਪੰਜਾਬ ‘ਚੋਂ ਜਾਬਰ ਮੁਗਲ ਹਕੂਮਤ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਸਨ । ਆਰਥਿਕ ਤੇ ਸਮਾਜਿਕ ਸੁਧਾਰ ਕਰਕੇ ਉਹਨਾਂ ਨੇ ਪੰਜਾਬ ਨੂੰ ਐਨਾ ਮਜ਼ਬੂਤ ਕਰ ਦਿੱਤਾ ਸੀ ਕਿ ਫਿਰ ਲੰਬੇ ਸਮੇਂ ਤੱਕ ਕੋਈ ਵੈਰੀ ਪੰਜਾਬ ਵੱਲ ਤੱਕਣ ਦਾ ਹੀਆ ਵੀ ਨਹੀਂ ਕਰ ਸਕਿਆ ਸੀ। ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਜਨਮ ਦਿਹਾੜੇ ਮੌਕੇ ਸਮੁੱਚੀਆਂ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਦਿੱਤੀਆਂ।ਉਪਰੰਤ ਗੁਰੂ ਕਾ ਲੰਗਰ ਵਰਤਾਇਆ ਗਿਆ।ਇਸ ਮੌਕੇ ਕਾਲਜ ਦੇ ਸਮੂਹ ਵਿਦਿਆਰਥੀ ਅਤੇ ਸਟਾਫ ਮੈਂਬਰਾਂ ਵੱਲੋਂ ਤਨ ਮਨ ਧਨ ਨਾਲ ਸੇਵਾ ਕੀਤੀ ਗਈ।