ਸ੍ਰੀ ਫ਼ਤਹਿਗੜ੍ਹ ਸਾਹਿਬ/17 ਅਕਤੂਬਰ:
(ਰਵਿੰਦਰ ਸਿੰਘ ਢੀਂਡਸਾ)
“ਸ੍ਰੀ ਹਰਗੋਬਿੰਦ ਸਾਹਿਬ ਵੱਲੋ ਮੀਰੀ ਪੀਰੀ ਦੇ ਵੱਡਮੁੱਲੇ ਸਿਧਾਂਤ, ਸੋਚ ਅਧੀਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਅਤੇ ਸਰਬਉੱਚਤਾ ਨੂੰ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਚੁਣੋਤੀ ਦੇਣ ਵਾਲੇ ਨੂੰ ਕਿਸੇ ਵੀ ਰੂਪ ਵਿਚ ‘ਸਿੱਖ’ ਨਹੀ ਕਿਹਾ ਜਾ ਸਕਦਾ।ਕਿਉਂਕਿ ਸਿੱਖੀ ਦੀ ਪਰਿਭਾਸ਼ਾ ਹੀ ਹੈ ਕਿ ਆਤਮਿਕ ਤੌਰ ਤੇ ਬਿਨ੍ਹਾਂ ਕਿਸੇ ਹਿਚਕਚਾਹਟ, ਕਿੰਤੂ ਪ੍ਰੰਤੂ ਤੋਂ ਆਪਣੇ ਆਪ ਨੂੰ ਗੁਰੂ ਅੱਗੇ ਸਮਰਪਣ ਕਰਨ ਅਤੇ ਗੁਰੂ ਦੇ ਹੁਕਮ ਦੀ ਹਰ ਕੀਮਤ ਤੇ ਪਾਲਣਾ ਕਰਨਾ ਹੈ। ਭਾਵੇਂ ਅਜਿਹਾ ਕਰਦੇ ਹੋਏ ਉਸ ਨੂੰ ਕਿਸੇ ਤਰ੍ਹਾਂ ਦੀ ਵੀ ਵੱਡੀ ਤੋ ਵੱਡੀ ਕੁਰਬਾਨੀ ਕਿਉਂ ਨਾ ਦੇਣੀ ਪਵੇ । ਜੋ ਇਨਸਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨ ਸੰਸਥਾ ਨੂੰ ਜਾਂ ਉਥੇ ਬਿਰਾਜਮਾਨ ਸਿੰਘ ਸਾਹਿਬ ਦੇ ਹੁਕਮਾਂ ਦੀ ਅਵੱਗਿਆ ਕਰਦਾ ਹੈ ਅਤੇ ਉਸ ਮਹਾਨ ਸਥਾਂਨ ਦੇ ਵੱਡੇ ਸਤਿਕਾਰ ਮਾਣ ਨੂੰ ਠੇਸ ਪਹੁੰਚਾਉਣ ਦੇ ਅਮਲ ਕਰ ਰਿਹਾ ਹੈ, ਉਸ ਨੂੰ ਗੁਰੂ ਦਾ ਸਿੱਖ ਨਹੀ ਕਿਹਾ ਜਾ ਸਕਦਾ ।”ਇਹ ਵਿਚਾਰ ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵੱਲੋ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨ ਸੰਸਥਾਂ ਅਤੇ ਦੂਸਰੇ ਜਥੇਦਾਰ ਸਾਹਿਬਾਨ ਦੇ ਮਾਣ ਸਤਿਕਾਰ ਨੂੰ ਆਪਣੇ ਸਿਆਸੀ ਸਵਾਰਥਾਂ ਦੇ ਹਿੱਤਾ ਦੀ ਪੂਰਤੀ ਲਈ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਦਮਦਮਾ ਸਾਹਿਬ ਉਤੇ ਨਿੱਜੀ ਤੌਰ ਤੇ ਅਤਿ ਸ਼ਰਮਨਾਕ ਪਰਿਵਾਰਿਕ ਹਮਲੇ ਕਰਨ ਦਾ ਸਖਤ ਨੋਟਿਸ ਲੈਦੇ ਹੋਏ ਅਤੇ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਪੰਥ ਵਿਰੋਧੀ ਸ਼ਕਤੀਆਂ ਅਤੇ ਹਿੰਦੂਤਵ ਹੁਕਮਰਾਨ ਖਾਲਸਾ ਪੰਥ ਦੇ ਉੱਚੇ ਸੁੱਚੇ ਸਿਧਾਤਾਂ, ਸੋਚ, ਨਿਯਮਾਂ ਨੂੰ ਠੇਸ ਪਹੁੰਚਾਉਣ ਦੀਆਂ ਸਾਜਿਸਾਂ ਉਤੇ ਨਿਰੰਤਰ ਅਮਲ ਕਰਦੇ ਆ ਰਿਹਾ ਹੈ । ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨ ਸੰਸਥਾ ਦੀ ਅਗਵਾਈ ਹੇਠ ਹੋਣ ਵਾਲੀ ਕੌਮੀ ਏਕਤਾ ਤੋ ਭੈਭੀਤ ਹੋ ਕੇ ਇਹ ਸ਼ਕਤੀਆਂ ਭਰਾਮਾਰੂ ਜੰਗ ਕਰਵਾਉਣ ਦੇ ਅਮਲ ਕਰਦੇ ਨਜਰ ਆ ਰਹੇ ਹਨ । ਉਸ ਸਮੇ ਆਪਣੇ ਆਪ ਨੂੰ ਅਕਾਲੀ ਤੇ ਪੰਥਕ ਕਹਾਉਣ ਵਾਲੇ ਆਗੂ ਹੀ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਤੇ ਮਹਾਨਤਾ ਨੂੰ ਠੇਸ ਪਹੁੰਚਾਉਣ ਦੀਆਂ ਕਾਰਵਾਈਆ ਕਰਨ, ਫਿਰ ਬੀਜੇਪੀ-ਆਰ.ਐਸ.ਐਸ ਤੇ ਸਿੱਖ ਵਿਰੋਧੀ ਮੰਦਭਾਵਨਾ ਭਰੇ ਮਿਸ਼ਨ ਦੀ ਪੂਰਤੀ ਕੌਣ ਕਰ ਰਿਹਾ ਹੈ, ਉਸਦਾ ਸੱਚ ਖੁਦ ਵ ਖੁਦ ਖਾਲਸਾ ਪੰਥ ਦੇ ਸਾਹਮਣੇ ਆ ਜਾਂਦਾ ਹੈ।ਉਨ੍ਹਾਂ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਨੂੰ ਨਿਮਰਤਾ ਸਹਿਤ ਅਪੀਲ ਕਰਦੇ ਹੋਏ ਕਿਹਾ ਕਿ ਜਿਵੇ ਵਿਰਸਾ ਸਿੰਘ ਵਲਟੋਹਾ ਦੇ ਗੈਰ ਸਿਧਾਤਿਕ ਮਸਲੇ ਉਤੇ ਉਨ੍ਹਾਂ ਨੇ ਦ੍ਰਿੜਤਾ ਤੇ ਨਿਰਭੈਤਾ ਨਾਲ ਹੁਕਮ ਸੁਣਾਉਦੇ ਹੋਏ ਵਲਟੋਹਾ ਨੂੰ 10 ਸਾਲ ਲਈ ਸਿਆਸੀ ਤੇ ਧਾਰਮਿਕ ਸਰਗਰਮੀਆ ਤੋ ਦੂਰ ਕਰਨ ਅਤੇ ਪਾਰਟੀ ਵਿਚੋ ਕੱਢਣ ਦੇ ਆਦੇਸ ਦਿੱਤੇ ਹਨ, ਉਸੇ ਤਰ੍ਹਾਂ ਹੁਣ ਤੱਕ ਖਾਲਸਾ ਪੰਥ ਨਾਲ ਵੱਡੇ ਧੋਖੇ-ਫਰੇਬ, ਗੱਦਾਰੀਆਂ ਕਰਨ ਵਾਲੇ ਅਕਾਲੀ ਦਲ ਬਾਦਲ ਵਿਚਲੇ ਅਤੇ ਬਾਗੀ ਹੋਏ ਦਾਗੀ ਅਕਾਲੀਆ ਨੂੰ 10-10 ਸਾਲ ਲਈ ਧਾਰਮਿਕ ਤੇ ਸਿਆਸੀ ਗਤੀਵਿਧੀਆ ਤੋ ਵਾਂਝੇ ਕਰਨ ਦੇ ਹੁਕਮ ਕਰਕੇ ਨਵੀ ਨਿਰੋਈ ਸਿਧਾਤਾਂ ਉਤੇ ਪਹਿਰਾ ਦੇਣ ਵਾਲੀ ਸਿੱਖ ਕੌਮ ਦੀ ਸੰਪੂਰਨ ਆਜਾਦੀ ਪ੍ਰਾਪਤੀ ਨੂੰ ਪ੍ਰਣਾਈ ਹੋਈ ਤੇ ਤਤਪਰ ਰਹਿਣ ਵਾਲੀ ਸਿੱਖ ਲੀਡਰਸਿਪ ਨੂੰ ਖਾਲਸਾ ਪੰਥ ਦੀ ਸੇਵਾ ਕਰਨ ਦੇ ਸਮੂਹਿਕ ਤੌਰ ਤੇ ਅਜਿਹਾ ਮਾਹੌਲ ਉਸਾਰਿਆ ਜਾਵੇ । ਅਜਿਹਾ ਕਰਦੇ ਹੋਏ ਜਥੇਦਾਰ ਸਾਹਿਬਾਨ ਅਕਾਲੀ ਫੂਲਾ ਸਿੰਘ ਜੀ ਦੀ ਤਰ੍ਹਾਂ ਨਿਰਸਵਾਰਥ ਤੇ ਸਿਧਾਤਿਕ ਸੋਚ ਵਾਲੇ ਉਨ੍ਹਾਂ ਦੇ ਨਕਸੇ ਕਦਮਾਂ ਵੱਲ ਵੱਧ ਰਹੇ ਹੋਣਗੇ । ਉਨ੍ਹਾਂ ਕਿਹਾ ਕਿ ਅਕਾਲ ਪੁਰਖ ਨੇ ਜਦੋ ਵੀ ਭਟਕਦੀ ਮਨੁੱਖਤਾ ਨੂੰ ਸੇਧ ਦੇਣੀ ਹੁੰਦੀ ਹੈ ਤਾਂ ਉਹ ਮੌਕਾ ਵੀ ਪੈਦਾ ਕਰ ਦਿੰਦਾ ਹੈ ਅਤੇ ਉਸੇ ਤਰ੍ਹਾਂ ਦਾ ਵਰਤਾਰੇ ਵਾਲਾ ਮਾਹੌਲ ਵੀ ਬਣਾ ਦਿੰਦਾ ਹੈ । ਹੁਣ ਖਾਲਸਾ ਪੰਥ ਵਿਚ ਹੋ ਰਹੇ ਗੈਰ ਸਿਧਾਤਿਕ, ਦਿਸ਼ਾਹੀਣ ਅਮਲਾਂ ਅਤੇ ਪਈਆ ਗਲਤ ਪਿਰਤਾਂ ਦਾ ਅੰਤ ਕਰਨ ਦਾ ਸਮਾਂ ਆ ਚੁੱਕਾ ਹੈ । ਸਿੰਘ ਸਾਹਿਬਾਨ ਦ੍ਰਿੜਤਾ, ਦੂਰਅੰਦੇਸ਼ੀ ਅਤੇ ਸਿਧਾਤਿਕ ਸੋਚ ਅਨੁਸਾਰ ਪੰਥ ਵਿਚਲੇ ਸਭ ਦੋਸ਼ੀ ਆਗੂਆਂ ਵਿਰੁੱਧ ਸਹੀ ਦਿਸ਼ਾ ਵੱਲ ਅਮਲ ਕਰਨ ਦੀ ਜਿੰਮੇਵਾਰੀ ਨਿਭਾਉਣ ਅਤੇ ਖਾਲਸਾ ਪੰਥ ਵਿਚ ਪੈਦਾ ਹੋਏ ਭੰਬਲਭੂਸਿਆ ਦਾ ਖਾਤਮਾ ਕਰਕੇ ਕੌਮ ਨੂੰ ਮੀਰੀ-ਪੀਰੀ ਦੇ ਸਿਧਾਤ ਦੀ ਅਗਵਾਈ ਕਰਨ ਵਾਲੀ ਸੰਸਥਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ ਇਕੱਤਰ ਕਰਨ ਵਿਚ ਯੋਗਦਾਨ ਪਾਉਣ ਤਾਂ ਜੋ ਖਾਲਸਾ ਪੰਥ ਦ੍ਰਿੜਤਾ ਤੇ ਦੂਰ ਅੰਦੇਸੀ ਨਾਲ ਆਪਣੀ ਕੌਮੀ ਮੰਜਿਲ ਦੀ ਪ੍ਰਾਪਤੀ ਕਰਨ ਵਿਚ ਵੀ ਕਾਮਯਾਬ ਹੋ ਸਕੇ ਅਤੇ ਪੰਥ ਨਾਲ ਧੋਖਾ ਫਰੇਬ ਕਰਨ ਵਾਲੀ ਲੀਡਰਸ਼ਿਪ ਤੋ ਨਿਜਾਤ ਮਿਲ ਸਕੇ ਅਤੇ ਖਾਲਸਾ ਪੰਥ ਨਿਰੋਲ ਆਪਣੀ ਸੋਚ, ਸਿਧਾਤਾਂ ਅਨੁਸਾਰ ਦੁਨੀਆ ਦੇ ਹਰ ਕੋਨੇ ਵਿਚ ਸਰਬੱਤ ਦੇ ਭਲੇ ਵਾਲੀ ਸੋਚ ਨੂੰ ਪ੍ਰਚਾਰ ਤੇ ਪ੍ਰਸਾਰ ਸਕੇ ।