ਵਿਕਾਸ ਕੁਮਾਰ
ਅੰਮ੍ਰਿਤਸਰ, 17 ਅਕਤੂਬਰ:
ਪੰਜਾਬ ਸਰਕਾਰ ਵੱਲੋਂ ਨਸ਼ਿਆ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਤਹਿਤ ਸਿਹਤ ਵਿਭਾਗ ਅੰਮ੍ਰਿਤਸਰ ਅਤੇ ਪੁਲਿਸ ਵਿਭਾਗ ਨੂੰ ਸਾਂਝੀ ਛਾਪੇਮਾਰੀ ਦੌਰਾਨ ਅੰਮ੍ਰਿਤਸਰ ਦੀ ਦਵਾਈਆਂ ਵਾਲੀ ਮਾਰਕੀਟ ਕਟੜਾ ਸ਼ੇਰ ਸਿੰਘ ਵਿਖੇ ਵੱਡੀ ਗਿਣਤੀ ਵਿਚ ਨਸ਼ੀਲੀਆਂ ਦਵਾਈਆਂ ਬਰਾਮਦ ਹੋਈਆਂ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਲਾਇਸੈਂਸ ਅਥਾਰਟੀ ਅਧਿਕਾਰੀ ਕੁਲਵਿੰਦਰ ਸਿੰਘ ਅਤੇ ਡਰੱਗ ਕੰਟਰੋਲ ਅਫਸਰ ਬਬਲੀਨ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾਂ ਮਿਲੀ ਸੀ ਕਿ ਕਟੜਾ ਸ਼ੇਰ ਸਿੰਘ ਦਵਾਈਆਂ ਵਾਲੀ ਮਾਰਕੀਟ ਵਿੱਚ ਕੁਝ ਦੁਕਾਨਦਾਰਾਂ ਵਲੋ ਮੈਡੀਕਲ ਨਸ਼ੇ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ। ਜਿਸ ਦੇ ਤਹਿਤ ਵਿਭਾਗ ਵਲੋ ਮਾਂ ਚਿੰਤਪੁਰਨੀ ਫਾਰਮਾਸਿਊਟੀਕਲ ਦੁਕਾਨ ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਵਿਭਾਗ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਉਹਨਾਂ ਆਖਿਆ ਕਿ ਇਸ ਦੁਕਾਨ ਤੋਂ 15 ਲੱਖ ਦੇ ਕਰੀਬ ਬਿਨਾਂ ਬਿਲ ਦੀਆਂ ਦਵਾਈਆਂ ਬਰਾਮਦ ਹੋਈਆਂ ਹਨ ਅਤੇ ਇਹ ਦਵਾਈਆਂ ਨਸ਼ੇੜੀ ਲੋਕ ਨਸ਼ਾ ਕਰਨ ਵਾਸਤੇ ਉਪਯੋਗ ਕਰ ਰਹੇ ਹਨ। ਕੁਲਵਿੰਦਰ ਸਿੰਘ ਨੇ ਆਖਿਆ ਕਿ ਸਰਕਾਰੀ ਨਿਰਦੇਸ਼ ਅਨੁਸਾਰ ਉਹਨਾਂ ਨੂੰ ਗੁਰੂ ਨਗਰੀ ਅੰਮ੍ਰਿਤਸਰ ਵਿਚ ਕੁਝ ਦਿਨ ਪਹਿਲਾਂ ਹੀ ਕੰਮ ਕਰਨ ਦਾ ਮੌਕਾ ਮਿਲਿਆ ਹੈ ਅਤੇ ਨਸ਼ਿਆਂ ਖਿਲਾਫ ਉਹਨਾਂ ਦੀ ਜੰਗ ਇਸੇ ਤਰ੍ਹਾਂ ਜਾਰੀ ਰਹੇਗੀ। ਇਸ ਮੌਕੇ ਡਰੱਗ ਕੰਟਰੋਲ ਅਫਸਰ ਬਬਲੀਨ ਕੌਰ ਨੇ ਦੱਸਿਆ ਕਿ ਉਕਤ ਦੁਕਾਨ ਤੋਂ 4400 ਕੈਪਸੂਲ ਪ੍ਰੀਗਾਬਾਲਿੰਨ 150,300 ਪਾਵਰ ਅਤੇ 42 ਹਜਾਰ 200 ਕੈਪਸੂਲ ਗਾਬਾਪੇਂਟੀਨ ਬਿਨਾਂ ਬਿਲ ਤੋਂ ਬਰਾਮਦ ਹੋਏ ਹਨ। ਛਾਪੇਮਾਰੀ ਦੌਰਾਨ ਦੁਕਾਨਦਾਰ ਇਹਨਾਂ ਦਵਾਈਆਂ ਦਾ ਮੌਕੇ ਤੇ ਕਿਸੇ ਵੀ ਤਰਾਂ ਦਾ ਬਿਲ ਨਹੀਂ ਦਿਖਾ ਪਾਇਆ। ਜਿਸ ਤੇ ਤਹਿਤ ਕਾਰਵਾਈ ਕਰਦਿਆਂ ਕੁਲ 6 ਤਰ੍ਹਾਂ ਦੀਆ ਦਵਾਈਆਂ ਨੂੰ ਸੀਲ ਕੀਤਾ ਗਿਆ ਹੈ ਅਤੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਹਨਾਂ ਆਖਿਆ ਬੀ ਐਨ ਐਸ 2023 ਦੀ ਅਗੁਆਈ ਹੇਠ ਜਿਲਾ ਮੈਜਿਸਟਰੇਟ ਨੂੰ ਬੇਨਤੀ ਕੀਤੀ ਜਾਵੇਗੀ ਕਿ ਇਸ ਮਾਮਲੇ ਤਹਿਤ ਉਕਤ ਦੁਕਾਨਦਾਰ ਤੇ ਐਫ ਆਈ ਆਰ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਜਾਣ।