ਲਹਿਰਾਗਾਗਾ :-17 ਅਕਤੂਬਰ ( ਖੋਖਰ)
ਪਿਛਲੇ ਦਿਨ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਹਲਕੇ ਦੇ ਵੱਡੇ ਪਿੰਡ ਬਲਰਾਂ ਵਿਖੇ ਨਵੇਂ ਚੁਣੇ ਗਏ ਸਰਪੰਚ ਮਲਕੀਤ ਸਿੰਘ ਬੱਲਰਾਂ ਤੇ ਸਮੁੱਚੀ ਪੰਚਾਇਤ ਵੱਲੋਂ ਰੱਖੇ ਗਏ ਸਨਮਾਨ ਸਮਾਰੋਹ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨੇ ਜਿੱਥੇ ਸਰਪੰਚ ਤੇ ਨਵੇਂ ਚੁਣੇ ਪੰਚਾਂ ਨੂੰ ਮੁਬਾਰਕਬਾਦ ਦਿੱਤੀ, ਉੱਥੇ ਹੀ ਐਲਾਨ ਕੀਤਾ ਕਿ ਪੰਜਾਬ ਸਰਕਾਰ ਪੰਜਾਬ ਵਿੱਚੋਂ ਨਸ਼ਾ ਖਤਮ ਕਰਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਵਚਨਬੱਧ ਹੈ। ਇਸ ਮੌਕੇ ਉਨ੍ਹਾਂ ਪਿੰਡ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਨੂੰ ਵੀ ਇਲਾਕੇ ਅੰਦਰ ਨਸ਼ਾ ਵੇਚਣ ਅਤੇ ਨਸ਼ਾ ਤਸਕਰਾਂ ਦੀ ਮਦਦ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਇਸ ਸਬੰਧੀ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਬਿਨਾਂ ਕਿਸੇ ਸਿਆਸੀ ਦਖਲ ਅੰਦਾਜੀ ਦੇ ਨਿਰਪੱਖ ਹੋਈਆਂ ਪੰਚਾਇਤੀ ਚੋਣਾਂ ਨੇ ਦੇਸ਼ ਅੰਦਰ ਲੋਕਤੰਤਰ ਦੀ ਮਜਬੂਤੀ ਦਾ ਰਾਹ ਪੱਧਰਾ ਕੀਤਾ ਹੈ, ਉਨਾ ਪਿੰਡ ਨਿਵਾਸੀਆਂ ਨੂੰ ਕਿਹਾ ਕਿ ਵੋਟਾਂ ਤਾਂ ਆਉਂਦੀਆਂ ਤੇ ਜਾਂਦੀਆਂ ਰਹਿੰਦੀਆਂ ਹਨ ,ਪਰ ਸਭ ਤੋਂ ਵੱਡਾ ਮਕਸਦ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖਣਾ ਹੈ, ਜਿਵੇਂ ਸੂਬੇ ਦਾ ਚੁਣਿਆ ਗਿਆ ਮੁੱਖ ਮੰਤਰੀ ਸਭਨਾਂ ਦਾ ਹੁੰਦਾ ਹੈ, ਉਵੇਂ ਹੀ ਪਿੰਡ ਦਾ ਚੁਣਿਆ ਗਿਆ ਸਰਪੰਚ ਸਾਰੇ ਪਿੰਡ ਦਾ ਮੁਖੀ ਹੁੰਦੈ, ਜਿਦੇ ਚਲਦੇ ਪੰਜਾਬ ਸਰਕਾਰ ਹਰ ਪਿੰਡ ਵਿੱਚ ਬਗੈਰ ਕਿਸੇ ਪੱਖਪਾਤ ਤੋਂ ਵਿਕਾਸ ਕੰਮ ਕਰਵਾਏਗੀ ਅਤੇ ਕਿਸੇ ਪਿੰਡ ਨਾਲ ਕੋਈ ਪੱਖਪਾਤ ਨਹੀਂ ਕੀਤਾ ਜਾਵੇਗਾ।ਬੇਸ਼ੱਕ ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ਦਾ ਆਰਡੀਐਫ (ਰੂਲਰ ਡਿਵੈਲਪਮੈਂਟ ਫੰਡ) ਦਾ ਹਜ਼ਾਰਾਂ ਕਰੋੜ ਰੁਪਿਆ ਰੋਕ ਰੱਖਿਐ, ਪਰ ਬਾਵਜੂਦ ਇਸਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪਿੰਡਾਂ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਆਉਣ ਦੇਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਪੰਜਾਬ ਨਾਲ ਕੋਈ ਪੱਖਪਾਤ ਕਰਨ ਦੀ ਬਜਾਏ ਕਿਸਾਨੀ ਸੂਬਾ ਹੋਣ ਦੇ ਚਲਦੇ ਪੰਜਾਬ ਨੂੰ ਵਿਸ਼ੇਸ਼ ਆਰਥਿਕ ਪੈਕੇਜ ਦੇਣਾ ਚਾਹੀਦੈ, ਉਨ੍ਹਾਂ ਦਾਅਵਾ ਕੀਤਾ ਕਿ ਨਵੰਬਰ ਵਿੱਚ ਹੋਣ ਵਾਲੀਆਂ ਸੂਬੇ ਦੀਆਂ ਚਾਰ ਜਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਇਤਿਹਾਸਕ ਜਿੱਤ ਪ੍ਰਾਪਤ ਕਰੇਗੀ ।ਇਸ ਮੌਕੇ ਉਨ੍ਹਾਂ ਨਾਲ ਓਐਸਡੀ ਰਕੇਸ਼ ਕੁਮਾਰ ਗੁਪਤਾ, ਯੂਥ ਆਗੂ ਮਨਜਿੰਦਰ ਸਿੰਘ ਛੋਟੀ ਲਹਿਲ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਕੁਮਾਰ ਰੱਬੜ, ਟਰੱਕ ਯੂਨੀਅਨ ਦੇ ਪ੍ਰਧਾਨ ਗੁਰੀ ਚਹਿਲ, ਯੂਥ ਆਗੂ ਅਸ਼ਵਨੀ ਅਗਰਵਾਲ, ਰਤਨ ਸ਼ਰਮਾ, ਕੌਂਸਲਰ ਸ੍ਰੀਮਤੀ ਸੁਦੇਸ਼ ਰਾਣੀ, ਅਨਿਲ ਕੁਮਾਰ ਹੈਪੀ ,ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਦਰਬਾਰਾ ਸਿੰਘ ਹੈਪੀ ਠੇਕੇਦਾਰ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਅਤੇ ਵਲੰਟੀਅਰ ਹਾਜ਼ਰ ਸਨ।