ਬਲਾਚੌਰ 19 ਅਕਤੂਬਰ (ਅਵਤਾਰ ਸਿੰਘ ਧੀਮਾਨ)
ਇਥੇ ਭੱਦੀ ਰੋਡ ਤੇ ਕਲ ਰਾਤ ਇਕ ਮਨਿਆਰੀ ਦੀ ਦੁਕਾਨ ਨੂੰ ਅੱਗ ਲੱਗਣ ਕਰਕੇ ਦੁਕਾਨ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਇੰਨੀ ਭਿਆਨਕ ਸੀ ਕਿ ਅੱਗ ਦੁਕਾਨ ਦੀ ਤੀਜੀ ਮੰਜਿਲ ਤਕ ਵੀ ਪੁੱਜ ਗਈ ਜਿਥੇ ਪਿਆ ਸਾਮਾਨ ਵੀ ਸੜ ਗਿਆ। ਨਵਾਂਸ਼ਹਿਰ ਤੋਂ ਆਈ ਅੱਗ ਬੁਝਾਉਣ ਵਾਲੀ ਗੱਡੀ ਨੇ ਬੜੀ ਮੁਸ਼ਕਿਲ ਨਾਲ ਅੱਗ ਤੇ ਕਾਬੂ ਪਾਇਆ ਪਰ ਉਦੋਂ ਤਕ ਦੁਕਾਨ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਅੱਗ ਬੁਝਾਉਣ ਵਾਲੀ ਗੱਡੀ ਵੀ ਨਵਾਂਸ਼ਹਿਰ ਤੋਂ ਅੱਗ ਲੱਗਣ ਦੇ ਲੱਗਭਗ ਅੱਧੇ ਘੰਟੇ ਬਾਅਦ ਪੁੱਜੀ। ਤਦ ਤਕ ਸਭ ਕੁਝ ਖਤਮ ਹੋ ਚੁਕਾ ਸੀ। ਅੱਗ ਤੋਂ ਨਾਲ ਦੀਆਂ ਕਪੜੇ ਅਤੇ ਸੁਨਿਆਰੇ ਦੀ ਦੁਕਾਨ ਦਾ ਬਚਾਅ ਹੋ ਗਿਆ। ਹੈਪੀ ਜਨਰਲ ਸਟੋਰ ਦੇ ਮਾਲਿਕ ਨੇ ਦੱਸਿਆ ਵੀਰਵਾਰ ਰਾਤ ਉਹ 9.30 ਵਜੇ ਦੁਕਾਨ ਬੰਦ ਕਰਕੇ ਘਰ ਪਰਤੇ ਸਨ। ਲੱਗਭਗ 10 ਵਜੇ ਇਕ ਵਿਅਕਤੀ ਨੇ ਆ ਕੇ ਸੂਚਨਾ ਦਿਤੀ ਕਿ ਉਨ੍ਹਾਂ ਦੀ ਦੁਕਾਨ ਨੂੰ ਅੱਗ ਲੱਗੀ ਹੋਈ ਹੈ। ਸਾਰੇ ਭੱਜ ਕੇ ਜਦੋਂ ਦੁਕਾਨ ਤੇ ਪੁਜੇ ਤਾ ਅੰਦਰੋਂ ਅੱਗ ਦੇ ਭਾਂਬੜ ਮੱਚ ਰਹੇ ਸਨ। ਬੜੀ ਮੁਸ਼ਕਿਲ ਨਾਲ ਦੁਕਾਨ ਦਾ ਸ਼ਟਰ ਚੁੱਕਿਆ ਤਾ ਅੰਦਰ ਅੱਗ ਹੀ ਅੱਗ ਸੀ। ਦੋ ਤਿੰਨ ਜਗ੍ਹਾ ਅੱਗ ਬੁਝਾਉਣ ਵਾਲੀ ਗੱਡੀ ਨੂੰ ਫੋਨ ਕੀਤਾ। ਲੋਕਾਂ ਨੇ ਵੀ ਅੱਗ ਤੇ ਕਾਫੀ ਪਾਣੀ ਪਾਇਆ ਪਰ ਅੱਗ ਨਹੀਂ ਬੁਝੀ। ਜਦ ਨਵਾਂਸ਼ਹਿਰ ਤੋਂ ਅੱਗ ਬੁਝਾਉਣ ਵਾਲੀ ਗੱਡੀ ਪੁੱਜੀ ਤਾਂ ਬੜੀ ਮੁਸ਼ਕਿਲ ਨਾਲ ਅੱਗ ਤੇ ਕਾਬੂ ਪਾਇਆ ਜਾ ਸਕਿਆ। ਹੈਪੀ ਜਨਰਲ ਸਟੋਰ ਦੇ ਮਲਿਕ ਅਨੁਸਾਰ ਉਨ੍ਹਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ। ਨਾਲ ਲਗਦੀਆਂ ਦੁਕਾਨਾਂ ਦਾ ਅੱਗ ਤੋਂ ਬਚਾਅ ਹੋ ਗਿਆ। ਸ਼ਹਿਰ ਦੇ ਮੋਹਤਬਰ ਵਿਅਕਤੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੀੜਤ ਦੁਕਾਨਦਾਰ ਨੂੰ ਸਰਕਾਰ ਤੋਂ ਮੁਆਵਜਾ ਦਿਵਾਇਆ ਜਾਵੇ। ਦੁਕਾਨਦਾਰ ਅਨੁਸਾਰ ਤਿਓਹਾਰਾਂ ਦਾ ਸਮਾਂ ਹੋਣ ਕਾਰਨ ਦੁਕਾਨ ਵਿਚ ਕਾਫੀ ਸਾਮਾਨ ਭਰਿਆ ਹੋਇਆ ਸੀ। ਸ਼ਹਿਰ ਦੇ ਮੋਹਤਬਰ ਵਿਅਕਤੀਆਂ ਅਤੇ ਦੁਕਾਨਦਾਰਾਂ ਅਨੁਸਾਰ ਜੇਕਰ ਬਲਾਚੌਰ ਵਿਚ ਅੱਗ ਬੁਝਾਉਣ ਵਾਲੀ ਗੱਡੀ ਦਾ ਇੰਤਜਾਮ ਹੁੰਦਾ ਤਾ ਇਹ ਨੁਕਸਾਨ ਹੋਣ ਤੋਂ ਬਚ ਸਕਦਾ ਸੀ।ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਬਲਾਚੌਰ ਵਿਚ ਇਕ ਅੱਗ ਬੁਝਾਉਣ ਵਾਲੀ ਗੱਡੀ ਦਾ ਇੰਤਜਾਮ ਕੀਤਾ ਜਾਵੇ ਤਾ ਜੋ ਭਵਿੱਖ ਵਿਚ ਕੋਈ ਅਜਿਹੀ ਘਟਨਾ ਨਾ ਵਾਪਰੇ।