ਸ੍ਰੀ ਫ਼ਤਹਿਗੜ੍ਹ ਸਾਹਿਬ/25 ਅਕਤੂਬਰ:
(ਰਵਿੰਦਰ ਸਿੰਘ ਢੀਂਡਸਾ)
"ਖੇਡਾਂ ਵਤਨ ਪੰਜਾਬ ਦੀਆਂ-2024" ਤਹਿਤ ਫ਼ਤਹਿਗੜ੍ਹ ਸਾਹਿਬ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਖੇ ਹੋਈਆਂ ਰਾਜ ਪੱਧਰੀ ਖੇਡਾਂ ਸ਼ਾਨੌ ਸ਼ੌਕਤ ਨਾਲ ਸੰਪੰਨ ਹੋ ਗਈਆਂ। ਇਨ੍ਹਾਂ ਖੇਡਾਂ ਦੇ ਅੰਤਿਮ ਦਿਨ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਜੈ ਸਿੰਘ ਲਿਬੜਾ ਨੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ।ਇਸ ਮੌਕੇ ਲਿਬੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਖੇਤਰ ਵਿੱਚ ਕੀਤੇ ਗਏ ਇਤਿਹਾਸਕ ਫੈਸਲਿਆਂ ਸਦਕਾ ਅੱਜ ਪੰਜਾਬ ਦੇ ਖਿਡਾਰੀ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ 'ਤੇ ਚੰਗਾ ਨਾਮਣਾ ਖੱਟ ਰਹੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਲਈ ਬਹੁਤ ਜ਼ਰੂਰੀ ਹਨ ਅਤੇ ਖੇਡਾਂ ਇੱਕ ਅਜਿਹਾ ਸਾਧਨ ਹਨ, ਜਿਨ੍ਹਾਂ ਨਾਲ ਜੁੜ ਕੇ ਸਾਡੇ ਨੌਜਵਾਨ ਸਮਾਜਿਕ ਲਾਹਣਤਾਂ ਤੋਂ ਦੂਰ ਰਹਿ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਸਾਨੂੰ ਖੇਡਾਂ ਨਾਲ ਜ਼ਰੂਰ ਜੁੜਨਾ ਚਾਹੀਦਾ ਹੈ।ਰਾਜ ਪੱਧਰੀ ਖੇਡਾਂ ਦੇ ਨਤੀਜਿਆਂ ਬਾਰੇ ਜ਼ਿਲ੍ਹਾ ਖੇਡ ਅਫਸਰ, ਗੁਰਦੀਪ ਕੌਰ ਨੇ ਦੱਸਿਆ ਕਿ ਲੜਕਿਆਂ ਦੇ 21 ਸਾਲ ਉਮਰ ਵਰਗ ਵਿੱਚ ਸਾਫਟਬਾਲ ਦਾ ਫਾਇਨਲ ਮੁਕਾਬਲਾ ਲੁਧਿਆਣਾ ਤੇ ਅੰਮ੍ਰਿਤਸਰ ਵਿਚਕਾਰ ਹੋਇਆ ਜਿਸ ਵਿੱਚ ਅੰਮ੍ਰਿਤਸਰ ਦੀ ਟੀਮ ਨੇ ਲੁਧਿਆਣਾ ਦੀ ਟੀਮ ਨੂੰ 13-6 ਦੇ ਫਰਕ ਨਾਲ ਹਰਾਇਆ।ਲੜਕੀਆਂ ਦੇ 21-30 ਸਾਲ ਉਮਰ ਵਰਗ ਦਾ ਫਾਇਨਲ ਮੁਕਾਬਲਾ ਲੁਧਿਆਣਾ ਤੇ ਅੰਮ੍ਰਿਤਸਰ ਵਿਚਕਾਰ ਹੋਇਆ, ਜਿਸ ਵਿੱਚ ਅੰਮ੍ਰਿਤਸਰ ਦੀ ਟੀਮ 6-0 ਦੇ ਫਰਕ ਨਾਲ ਜੇਤੂ ਰਹੀ। ਲੜਕਿਆਂ ਦੇ 21-30 ਸਾਲ ਉਮਰ ਵਰਗ ਦਾ ਫਾਇਨਲ ਮੁਕਾਬਲਾ ਜਲੰਧਰ ਤੇ ਅੰਮ੍ਰਿਤਸਰ ਦੀਆਂ ਟੀਮਾਂ ਵਿਚਕਾਰ ਹੋਇਆ ਜਿਸ ਵਿੱਚ ਅੰਮ੍ਰਿਤਸਰ ਦੀ ਟੀਮ 2-0 ਦੇ ਫਰਕ ਨਾਲ ਜੇਤੂ ਰਹੀ। ਉਨ੍ਹਾਂ ਦੱਸਿਆ ਕਿ ਲੜਕੀਆਂ ਦੇ 14 ਸਾਲ ਉਮਰ ਵਰਗ ਵਿੱਚ ਫੈਂਸਿੰਗ (ਈਵੈਂਟ ਇੱਪੀ ਟੀਮ) ਦੇ ਮੁਕਾਬਲੇ ਵਿੱਚ ਗੁਰਦਾਸਪੁਰ ਦੀ ਟੀਮ ਪਹਿਲੇ, ਮਾਨਸਾ ਦੂਜੇ ਤੇ ਤਰਨਤਾਰਨ ਜ਼ਿਲ੍ਹਾ ਤੀਜੇ ਤੇ ਐਸ.ਏ.ਐਸ. ਨਗਰ ਮੋਹਾਲੀ ਦੀ ਟੀਮ ਚੌਥੇ ਸਥਾਨ 'ਤੇ ਰਹੀ।ਅੰਡਰ-21 ਲੜਕੀਆਂ (ਈਵੈਂਟ ਸੈਬਰ ਵਿਅਕਤੀਗਤ) ਵਿੱਚ ਪਹਿਲਾ ਸਥਾਨ ਪਵਨਦੀਪ ਕੌਰ ਫ਼ਤਹਿਗੜ੍ਹ ਸਾਹਿਬ, ਦੂਜਾ ਸਥਾਨ ਜਸਲੀਨ ਕੌਰ ਫ਼ਤਹਿਗੜ੍ਹ ਸਾਹਿਬ, ਤੀਜਾ ਸਥਾਨ ਗਰੀਸ਼ਕਾ ਪਟਿਆਲਾ ਅਤੇ ਗੁਰਕੀਰਤ ਬਠਿੰਡਾ ਨੇ ਹਾਸਲ ਕੀਤਾ।ਅੰਡਰ-14 ਲੜਕੀਆਂ (ਈਵੈਂਟ ਇੱਪੀ ਵਿਅਕਤੀਗਤ) ਵਿੱਚ ਪਹਿਲਾ ਸਥਾਨ ਜੈਪ੍ਰੀਤ ਕੌਰ ਜ਼ਿਲ੍ਹਾ ਫਿਰੋਜ਼ਪੁਰ, ਨਵਿਆ ਜ਼ਿਲ੍ਹਾ ਤਰਨਤਾਰਨ ਨੇ ਦੂਜਾ, ਅਨੁਪ੍ਰੀਤ ਰੰਧਾਵਾ ਜ਼ਿਲ੍ਹਾ ਗੁਰਦਾਸਪੁਰ ਤੇ ਈਸ਼ਿਕਾ ਜ਼ਿਲ੍ਹਾ ਪਟਿਆਲਾ ਨੇ ਤੀਜਾ ਸਥਾਨ ਹਾਸਲ ਕੀਤਾ।ਪੰਕਜ ਸ਼ਰਮਾ ਫੈਂਸਿੰਗ ਕੋਚ (ਕਨਵੀਨਰ),ਅਮਨਦੀਪ ਕੌਰ ਕੋ-ਕਨਵੀਨਰ, ਕਰਮਜੀਤ ਕੌਰ,ਗੁਰਪ੍ਰੀਤ ਸਿੰਘ ਗੇਮ ਫੈਂਸਿੰਗ ਲਈ ਅਤੇ ਇੰਦਰਬੀਰ ਸਿੰਘ ਸਾਫਟਬਾਲ ਕਨਵੀਨਰ, ਨਿਰਮਲਜੀਤ ਕੌਰ ਸਾਫਟਬਾਲ ਕੋ-ਕਨਵੀਨਰ ਵੱਲੋਂ ਆਪਣੀ ਡਿਊਟੀ ਬਾਖੂਬੀ ਨਿਭਾਈ ਗਈ।