ਇੰਫਾਲ, 28 ਅਕਤੂਬਰ
ਪੁਲਸ ਨੇ ਦੱਸਿਆ ਕਿ ਸੋਮਵਾਰ ਨੂੰ ਇੱਥੇ ਰਾਜ ਭਵਨ ਤੋਂ 100 ਮੀਟਰ ਤੋਂ ਘੱਟ ਦੂਰੀ 'ਤੇ ਸਥਿਤ ਘਨਪ੍ਰਿਆ ਮਹਿਲਾ ਕਾਲਜ ਦੇ ਗੇਟ 'ਤੇ ਇਕ ਸ਼ਕਤੀਸ਼ਾਲੀ ਜ਼ਿੰਦਾ ਹੈਂਡ ਗ੍ਰੇਨੇਡ ਮਿਲਿਆ ਹੈ।
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਕ ਮਹੱਤਵਪੂਰਨ ਸਥਾਨ 'ਤੇ ਪ੍ਰਮੁੱਖ ਮਹਿਲਾ ਕਾਲਜ ਦੇ ਸਾਹਮਣੇ ਲਾਈਵ ਹੈਂਡ ਗ੍ਰਨੇਡ ਦੀ ਬਰਾਮਦਗੀ ਨੇ ਇੰਫਾਲ ਪੱਛਮੀ ਜ਼ਿਲੇ 'ਚ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ।
ਪੁਲਿਸ ਦੇ ਸੀਨੀਅਰ ਅਧਿਕਾਰੀ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮਾਂ ਦੇ ਨਾਲ ਮੌਕੇ 'ਤੇ ਪਹੁੰਚੇ ਅਤੇ ਬੰਬ ਨਿਰੋਧਕ ਦਸਤੇ ਦੀ ਮਦਦ ਨਾਲ ਜ਼ਿੰਦਾ ਹੈਂਡ ਗ੍ਰੇਨੇਡ ਨੂੰ ਹਟਾ ਕੇ ਵੱਡੀ ਘਟਨਾ ਨੂੰ ਟਾਲ ਦਿੱਤਾ।
ਮਹਿਲਾ ਕਾਲਜ ਰਾਜਪਾਲ ਦੇ ਘਰ ਤੋਂ 100 ਮੀਟਰ ਤੋਂ ਘੱਟ ਅਤੇ ਮੁੱਖ ਮੰਤਰੀ ਐਨ. ਬੀਰੇਨ ਸਿੰਘ ਦੀ ਸਰਕਾਰੀ ਰਿਹਾਇਸ਼ ਅਤੇ ਮਨੀਪੁਰ ਪੁਲਿਸ ਹੈੱਡਕੁਆਰਟਰ ਤੋਂ 300 ਮੀਟਰ ਦੀ ਦੂਰੀ 'ਤੇ ਸਥਿਤ ਹੈ।
ਇਹ ਘਟਨਾ ਇੰਫਾਲ ਘਾਟੀ ਦੇ ਕਈ ਵਿਦਿਅਕ ਅਦਾਰਿਆਂ ਨੂੰ ਕਥਿਤ ਤੌਰ 'ਤੇ ਜਬਰੀ ਵਸੂਲੀ ਦੀਆਂ ਧਮਕੀਆਂ ਮਿਲਣ ਦੇ ਵਿਚਕਾਰ ਹੋਈ ਹੈ।
ਇੱਕ ਹੋਰ ਘਟਨਾਕ੍ਰਮ ਵਿੱਚ, ਪੁਲਿਸ ਨੇ ਵੱਖ-ਵੱਖ ਘਾਟੀ-ਅਧਾਰਤ ਸੰਗਠਨਾਂ ਨਾਲ ਸਬੰਧਤ ਤਿੰਨ ਅੱਤਵਾਦੀਆਂ ਨੂੰ ਕਥਿਤ ਤੌਰ 'ਤੇ ਲੋਕਾਂ ਅਤੇ ਵਪਾਰੀਆਂ ਤੋਂ ਪੈਸੇ ਵਸੂਲਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ।
ਪੁਲਿਸ ਨੇ ਦੱਸਿਆ ਕਿ ਮਨੀਪੁਰ ਦੇ ਇੰਫਾਲ ਪੱਛਮੀ ਅਤੇ ਬਿਸ਼ਨੂਪੁਰ ਜ਼ਿਲ੍ਹਿਆਂ ਤੋਂ ਕਾਂਗਲੇਈ ਯਾਵੋਲ ਕੰਨਾ ਲੁਪ (ਕੇਵਾਈਕੇਐਲ), ਕਾਂਗਲੇਈਪਾਕ ਕਮਿਊਨਿਸਟ ਪਾਰਟੀ (ਨੋਯੋਨ) ਅਤੇ ਕਾਂਗਲੀਪਾਕ ਕਮਿਊਨਿਸਟ ਪਾਰਟੀ (ਪੀਪਲਜ਼ ਵਾਰ ਗਰੁੱਪ) ਦੇ ਇੱਕ-ਇੱਕ ਕਾਡਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਕੇਵਾਈਕੇਐਲ ਅਤੇ ਕੇਸੀਪੀ (ਨੋਯੋਨ) ਸੰਗਠਨਾਂ ਦੇ ਖਾੜਕੂਆਂ ਦੀ ਪਛਾਣ ਕ੍ਰਮਵਾਰ ਥੋਂਗਮ ਨੌਬਾ ਮੇਈਟੀ (21) ਅਤੇ ਹੁਇਦਰੋਮ ਪ੍ਰਭਾਸ਼ ਸਿੰਘ ਉਰਫ਼ ਨੋਨੀਲ (23) ਵਜੋਂ ਹੋਈ ਹੈ।