ਸ੍ਰੀ ਫ਼ਤਹਿਗੜ੍ਹ ਸਾਹਿਬ/30 ਅਕਤੂਬਰ:
(ਰਵਿੰਦਰ ਸਿੰਘ ਢੀਂਡਸਾ)
ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਤੇ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਦੀਵਾਲੀ, ਬੰਦੀ ਛੋੜ ਦਿਵਸ ਤੇ ਵਿਸ਼ਵਕਰਮਾ ਦਿਵਸ ਦੀਆਂ ਸ਼ੁਭ ਕਾਮਨਾਵਾਂ ਦਿੰਦਿਆਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਰੌਸ਼ਨੀਆਂ ਦੇ ਪਵਿੱਤਰ ਤਿਉਹਾਰ ਦੀਪਾਵਲੀ ਨੂੰ ਆਤਿਸ਼ਬਾਜੀ ਤੇ ਪ੍ਰਦੂਸ਼ਣ ਰਹਿਤ ਮਨਾਉਣ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਦੀਵਾਲੀ ਵਾਲੇ ਦਿਨ ਗਰੀਨ ਪਟਾਕੇ ਚਲਾਉਣ ਨੂੰ ਹੀ ਤਰਜ਼ੀਹ ਦਿੱਤੀ ਜਾਵੇ ਤਾਂ ਜੋ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਦੀਵਾਲੀ ਦਾ ਤਿਉਹਾਰ ਸਾਡੇ ਦੇਸ਼ ਦਾ ਸਭ ਤੋਂ ਵੱਡਾ ਤਿਉਹਾਰ ਹੈ ਅਤੇ ਇਹ ਤਿਉਹਾਰ ਬੁਰਾਈ ਉਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਦੀਪਾਵਲੀ ਦੇ ਪਵਿੱਤਰ ਦਿਹਾੜੇ ਤੇ ਹਰ ਵਰਗ ਦੇ ਲੋਕਾਂ ਨੂੰ ਪ੍ਰਣ ਲੈਣਾ ਚਾਹੀਦਾ ਹੈ ਕਿ ਸਮਾਜ ਦੀ ਬਿਹਤਰੀ ਤੇ ਤਰੱਕੀ ਲਈ ਸਮਾਜਿਕ ਬੁਰਾਈਆਂ ਦਾ ਖਾਤਮਾ ਕਰਨ ਵਿੱਚ ਮੋਹਰੀ ਭੂਮਿਕਾ ਅਦਾ ਕਰਨਗੇ।ਉਨ੍ਹਾਂ ਕਿਹਾ ਕਿ ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਹਰ ਵਰਗ ਦੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਪਰਿਵਾਰ ਅਤੇ ਬੱਚਿਆਂ ਨਾਲ ਧਾਰਮਿਕ ਮਰਿਆਦਾ ਅਨੁਸਾਰ ਖੁਸ਼ੀ ਮਨਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਪ੍ਰਦੂਸ਼ਣ ਰਹਿਤ ਬਣਾਉਣ ਲਈ ਹਰੇਕ ਵਿਅਕਤੀ ਨੂੰ ਵੱਧ ਤੋਂ ਵੱਧ ਦਰਖ਼ਤ ਲਗਾਉਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਨ ਦੀ ਲੋੜ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸ਼ੁੱਧ ਵਾਤਾਵਰਣ ਚ ਰਹਿ ਕੇ ਨਿਰੋਗ ਜਿੰਦਗੀ ਬਤੀਤ ਕਰ ਸਕਣ।