ਸ੍ਰੀ ਫ਼ਤਹਿਗੜ੍ਹ ਸਾਹਿਬ/ 30 ਅਕਤੂਬਰ:
(ਰਵਿੰਦਰ ਸਿੰਘ ਢੀਂਡਸਾ)
ਬੀਤੇ ਦਿਨੀਂ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋਈਆਂ ਦੋ ਐਂਬੂਲੈਂਸਾਂ ਨੂੰ ਛੱਡਣ ਬਦਲੇ ਰਿਸ਼ਵਤ ਲੈ ਰਹੇ ਪੁਲਿਸ ਚੌਂਕੀ ਨਬੀਪੁਰ ਦੇ ਇੰਚਾਰਜ ਸਬ-ਇੰਸਪੈਕਟਰ ਮਨਦੀਪ ਸਿੰਘ ਨੂੰ ਵਿਜੀਲੈਂਸ ਬਿਉਰੋ ਦੀ ਇੱਕ ਟੀਮ ਵੱਲੋਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਏ ਜਾਣ ਦਾ ਸਮਾਚਾਰ ਹੈ।ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਲੁਧਿਆਣਾ ਦੇ ਵਸਨੀਕ ਵਿਨੀਤ ਕੁਮਾਰ ਨੇ ਵਿਜੀਲੈਂਸ ਬਿਉਰੋ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਗਾਏ ਸਨ ਕਿ ਬੀਤੇ ਦਿਨੀਂ ਉਨਾਂ ਦੀਆਂ ਦੋ ਐਂਬੂਲੈਂਸ ਗੱਡੀਆਂ ਇੱਕ ਟਰੱਕ ਨਾਲ ਜੀ.ਟੀ. ਰੋਡ 'ਤੇ ਵਾਪਰੇ ਸੜਕ ਹਾਦਸੇ ਵਿੱਚ ਹਾਦਸਾਗ੍ਰਸਤ ਹੋ ਗਈਆਂ ਸਨ।ਹਾਦਸੇ ਉਪਰੰਤ ਨਬੀਪੁਰ ਚੌਂਕੀ ਦੀ ਪੁਲਿਸ ਵੱਲੋਂ ਉਕਤ ਐਂਬੂਲੈਂਸਾਂ ਨੂੰ ਕਬਜ਼ੇ 'ਚ ਲੈ ਲਿਆ ਗਿਆ ਜਿਸ ਤੋਂ ਬਾਅਦ ਐਂਬੂਲੈਂਸਾਂ ਨੂੰ ਛੱਡਣ ਬਦਲੇ ਨਬੀਪੁਰ ਪੁਲਿਸ ਚੌਂਕੀ ਦਾ ਇੰਚਾਰਜ ਸਬ-ਇੰਸਪੈਕਟਰ ਮਨਦੀਪ ਸਿੰਘ ਉਸ ਤੋਂ 25,000/- ਰੁਪਏ ਦੀ ਰਿਸ਼ਵਤ ਮੰਗਣ ਲੱਗਾ ਜਿਸ ਨਾਲ ਸੌਦਾ 20,000/- ਰੁਪਏ 'ਚ ਤੈਅ ਹੋ ਜਾਣ 'ਤੇ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 5,000/- ਰੁਪਏ ਉਸਨੇ ਮਨਦੀਪ ਸਿੰਘ ਨੂੰ ਦੇ ਦਿੱਤੇ ਜਦੋਂ ਕਿ ਚੌਕੀ ਇੰਚਾਰਜ ਮਨਦੀਪ ਸਿੰਘ ਰਿਸ਼ਵਤ ਦੇ ਬਕਾਇਆ ਬਣਦੇ 15,000/- ਰੂਪੈ ਉਸ ਤੋਂ ਹੋਰ ਮੰਗ ਰਿਹਾ ਹੈ।ਸ਼ਿਕਾਇਤ ਦੀ ਮੁੱਢਲੀ ਜਾਂਚ ਕਰਨ ਤੋਂ ਬਾਅਦ ਵਿਜੀਲੈਂਸ ਬਿਉਰੋ ਦੀ ਟੀਮ ਵੱਲੋਂ ਜਾਲ ਵਿਛਾਇਆ ਗਿਆ ਤੇ ਜਿਵੇਂ ਹੀ ਨਬੀਪੁਰ ਚੌਂਕੀ ਦੇ ਇੰਚਾਰਜ ਸਬ-ਇੰਸਪੈਕਟਰ ਮਨਦੀਪ ਸਿੰਘ ਨੇ ਰਿਸ਼ਵਤ ਦੇ 15,000/- ਰੁਪਏ ਸ਼ਿਕਾਇਤਕਰਤਾ ਤੋਂ ਹਾਸਲ ਕੀਤੇ ਤਾਂ ਵਿਜੀਲੈਂਸ ਦੀ ਟੀਮ ਵੱਲੋਂ ਸਰਕਾਰੀ ਗਵਾਹਾਂ ਦੀ ਹਾਜ਼ਰੀ 'ਚ ਸਬ-ਇੰਸਪੈਕਟਰ ਮਨਦੀਪ ਸਿੰਘ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।ਵਿਜੀਲੈਂਸ ਬਿਉਰੋ ਦੇ ਥਾਣਾ ਈ.ਓ.ਡਬਲਿਊ ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਦਰਜ ਕੀਤੇ ਗਏ ਮੁਕੱਦਮੇ 'ਚ ਸਬ-ਇੰਸਪੈਕਟਰ ਮਨਦੀਪ ਸਿੰਘ ਨੂੰ ਗ੍ਰਿਫਤਾਰ ਕਰਕੇ ਵਿਜੀਲੈਂਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।